ਗਾਂ ਨੂੰ ਛੱਤ ਤੋਂ ਲਟਕਾਉਣ 'ਤੇ ਰੈਸਟੋਰੈਂਟ ਮਾਲਕ ਘਿਰਿਆ ਵਿਵਾਦਾਂ 'ਚ

09/29/2017 12:38:10 PM

ਐਡੀਲੇਡ— ਆਸਟ੍ਰੇਲੀਆ 'ਚ ਇਕ ਰੈਸਟੋਰੈਂਟ ਮਾਲਕ ਦੀ ਸੋਸ਼ਲ ਮੀਡੀਆ 'ਤੇ ਬਹੁਤ ਆਲੋਚਨਾ ਹੋ ਰਹੀ ਹੈ। ਇੱਥੇ ਮਾਲਕ ਨੇ ਕੰਧ 'ਤੇ ਡੇਅਰੀ ਦੀ ਇਕ ਗਾਂ ਨੂੰ ਹੀ ਲਟਕਾ ਦਿੱਤਾ। ਗਾਂ ਦੀਆਂ ਲੱਤਾਂ ਬੰਨ੍ਹ ਕੇ ਉਸ ਨੂੰ ਛੱਤ ਨਾਲ ਉਲਟਾ ਲਟਕਾਉਣ ਕਾਰਨ ਵਿਵਾਦ ਸ਼ੁਰੂ ਹੋ ਗਿਆ ਹੈ, ਲੋਕਾਂ ਵਲੋਂ ਇਸ ਹਰਕਤ ਦੀ ਸੋਸ਼ਲ ਮੀਡੀਆ 'ਤੇ ਸਖਤ ਨਿੰਦਾ ਕੀਤੀ ਜਾ ਰਹੀ ਹੈ। ਰੈਸਟੋਰੈਂਟ ਦੇ ਮਾਲਕ ਫੈਡਰਿਕੋ ਅਤੇ ਮੈਲਿਸਾ ਪਿਸਨੇਲੀ ਨੇ ਆਪਣੇ ਬਚਾਅ 'ਚ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਜਾਨਵਰਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਲਈ ਗਾਂ ਨੂੰ ਉਲਟਾ ਲਟਕਾਇਆ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਜਾਨਵਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਹਨ ਅਤੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਸਮਝ ਸਕਣ ਕਿ ਜਾਨਵਰਾਂ ਦੇ ਮਾਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰੈਸਟੋਰੈਂਟ 'ਚ ਮੀਟ 'ਤੇ ਦੁੱਧ ਦੋਨੋਂ ਵੇਚੇ ਜਾਂਦੇ ਹਨ । ਫੈਡਰਿਕ ਤੇ ਪਿਸਨੇਲੀ ਨੇ ਕਿਹਾ ਕਿ ਉਹ ਲੋਕਾਂ ਦੀ ਰਾਇ ਚਾਹੁੰਦੇ ਸਨ ਕਿ ਗਾਂ ਖਾਣੇ ਦੇ ਟੇਬਲ 'ਤੇ ਸੋਹਣੀ ਲਗਦੀ ਹੈ ਜਾਂ ਘਾਹ ਦੇ ਮੈਦਾਨ 'ਚ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਗਲਤ ਵਿਵਹਾਰਕ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਨ੍ਹਾਂ ਨੂੰ ਬਹੁਤ ਸਾਰੇ ਸ਼ਾਲਾਘਾ ਵਾਲੇ ਸੁਨੇਹੇ ਵੀ ਮਿਲੇ ਹਨ । ਫਿਰ ਵੀ ਰੈਸਟੋਰੈਂਟ ਨੂੰ ਸੋਸ਼ਲ ਮੀਡੀਆ 'ਤੇ ਖਰੀਆਂ-ਖਰੀਆਂ ਸੁਣਨੀਆਂ ਪਈਆਂ ਕਿਉਂਕਿ ਬੇਜ਼ੁਬਾਨ ਜਾਨਵਰ ਨੂੰ ਪੁੱਠਾ ਲਟਕਾਉਣਾ ਆਪਣੇ-ਆਪ 'ਚ ਸ਼ਰਮਨਾਕ ਅਤੇ ਅਮਨੁੱਖੀ ਵਿਵਹਾਰ ਹੈ।


Related News