ਹੈਲੋਵੀਨ ਹਾਦਸਾ : ਹੁਣ ਤੱਕ 151 ਲੋਕਾਂ ਦੀ ਮੌਤ, ਸੁਨਕ, ਟਰੂਡੋ ਅਤੇ ਬਾਈਡੇਨ ਨੇ ਪ੍ਰਗਟਾਇਆ ਸੋਗ
Sunday, Oct 30, 2022 - 10:04 AM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ 'ਹੈਲੋਵੀਨ' ਦੌਰਾਨ ਭੀੜ ਵਲੋਂ ਤੰਗ ਗਲੀ ਵਿਚ ਵੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਚੀ ਭਗਦੜ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 151 ਹੋ ਗਈ ਹੈ ਜਦਕਿ 82 ਹੋਰਾਂ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਕਾਰਨ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਰਿਸ਼ੀ ਸੁਨਕ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਕਈ ਗਲੋਬਲ ਨੇਤਾਵਾਂ ਨੇ ਇਸ ਘਟਨਾ 'ਤੇ ਸੋਗ ਜਤਾਇਆ ਹੈ।
ਐਮਰਜੈਂਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਸ਼ਨੀਵਾਰ ਨੂੰ ਰਾਜਧਾਨੀ ਦੇ ਇਟਾਵੋਨ ਜ਼ਿਲੇ ਵਿਚ ਭਗਦੜ ਤੋਂ ਬਾਅਦ ਸੜਕਾਂ 'ਤੇ ਪਏ ਲੋਕਾਂ ਨੂੰ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਸਿਓਲ ਦੇ ਯੋਂਗਸਾਨ ਫਾਇਰ ਡਿਪਾਰਟਮੈਂਟ ਦੇ ਮੁਖੀ ਚੋਈ ਸੇਓਂਗ-ਬੀਓਮ ਦੇ ਅਨੁਸਾਰ ਮਰਨ ਵਾਲੇ ਅਤੇ ਜ਼ਖਮੀਆਂ ਵਿੱਚ ਜ਼ਿਆਦਾਤਰ 20 ਸਾਲ ਦੇ ਬਾਲਗ ਅਤੇ ਨੌਜਵਾਨ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ 19 ਵਿਦੇਸ਼ੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਨਾਗਰਿਕਤਾ ਤੁਰੰਤ ਨਹੀਂ ਦੱਸੀ ਗਈ। ਜ਼ਖਮੀਆਂ 'ਚੋਂ 19 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਆਊਟਡੋਰ 'ਹੇਲੋਵੀਨ' ਜਸ਼ਨ ਲਈ ਇਟੇਵਨ ਵਿਖੇ ਲਗਭਗ 100,000 ਲੋਕ ਇਕੱਠੇ ਹੋਏ।
ਸੁਨਕ ਨੇ ਕੀਤਾ ਟਵੀਟ
ਰਿਸ਼ੀ ਸੁਨਕ ਨੇ ਕਿਹਾ,'ਅੱਜ ਰਾਤ ਸਿਓਲ ਤੋਂ ਬੁਰੀ ਖ਼ਬਰ ਆਈ ਹੈ। ਸਾਡੇ ਸਾਰੇ ਵਿਚਾਰ ਇਸ ਨਾਜ਼ੁਕ ਸਮੇਂ 'ਤੇ ਮੌਜੂਦ ਜਵਾਬ ਦੇਣ ਵਾਲਿਆਂ ਅਤੇ ਸਾਰੇ ਦੱਖਣੀ ਕੋਰੀਆ ਦੇ ਲੋਕਾਂ ਨਾਲ ਹਨ।'
ਟਰੂਡੋ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ,'ਕੈਨੇਡੀਅਨ ਲੋਕਾਂ ਦੀ ਤਰਫੋਂ, ਮੈਂ ਅੱਜ ਸਿਓਲ ਵਿੱਚ ਇੱਕ ਘਾਤਕ ਭਗਦੜ ਤੋਂ ਬਾਅਦ ਦੱਖਣੀ ਕੋਰੀਆ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਭੇਜ ਰਿਹਾ ਹਾਂ। ਮੈਂ ਇਸ ਤ੍ਰਾਸਦੀ ਤੋਂ ਪ੍ਰਭਾਵਿਤ ਸਾਰੇ ਲੋਕਾਂ ਬਾਰੇ ਸੋਚ ਰਿਹਾ ਹਾਂ, ਅਤੇ ਜੋ ਜ਼ਖਮੀ ਹੋਏ ਹਨ, ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰ ਰਿਹਾ ਹਾਂ।
ਬਾਈਡੇਨ ਨੇ ਪ੍ਰਗਟਾਈ ਹਮਦਰਦੀ
ਜੋਅ ਬਾਈਡੇਨ ਨੇ ਟਵੀਟ ਕੀਤਾ ਕਿ ਜਿਲ ਅਤੇ ਮੈਂ ਸਿਓਲ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਅਸੀਂ ਕੋਰੀਆ ਗਣਰਾਜ ਦੇ ਲੋਕਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਸੰਯੁਕਤ ਰਾਜ ਅਮਰੀਕਾ ਇਸ ਦੁਖਦਾਈ ਸਮੇਂ ਵਿੱਚ ਕੋਰੀਆ ਗਣਰਾਜ ਦੇ ਨਾਲ ਖੜ੍ਹਾ ਹੈ।'
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਨਵਾਂ ਐਲਾਨ, ਯੂਕ੍ਰੇਨ ਨੂੰ ਭੇਜੇਗਾ 27 ਕਰੋੜ ਡਾਲਰ ਦੀ ਵਾਧੂ ਸਹਾਇਤਾ
ਦਿਲ ਦਾ ਦੌਰਾ ਪੈਣ ਕਾਰਨ ਮੌਤ
ਦੱਸਿਆ ਜਾਂਦਾ ਹੈ ਕਿ ਭਗਦੜ ਕਾਰਨ ਕਈ ਲੋਕਾਂ ਨੂੰ ਦਿਲ ਦਾ ਦੌਰਾ ਪਿਆ। ਉਹਨਾਂ ਨੂੰ ਸੀਪੀਆਰ ਦੇਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ 'ਚ 46 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।