ਚੀਨ ਤੋਂ ਆਈ ਦੁਨੀਆ ਨੂੰ ਡਰਾਉਣ ਵਾਲੀ ਖ਼ਬਰ, ਇਨਸਾਨਾਂ ’ਚ ਮਿਲਿਆ ਬਰਡ ਫਲੂ ਦਾ H10N3 ਸਟ੍ਰੇਨ
Tuesday, Jun 01, 2021 - 02:57 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ’ਚੋਂ ਕੋਰੋਨਾ ਵਾਇਰਸ ਦਾ ਸੰਕਟ ਅਜੇ ਖਤਮ ਨਹੀਂ ਹੋਇਆ ਕਿ ਚੀਨ ਤੋਂ ਇਕ ਹੋਰ ਡਰਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਉਥੇ ਪਹਿਲੀ ਵਾਰ ਇਨਸਾਨ ’ਚ ਬਰਡ ਫਲੂ ਦਾ ਪਤਾ ਲੱਗਾ ਹੈ। ਨੈਸ਼ਨਲ ਹੈਲਥ ਕਮਿਸ਼ਨ (ਐੱਨ.ਐੱਚ.ਸੀ.) ਨੇ ਇੱਕ 41 ਸਾਲਾ ਵਿਅਕਤੀ ’ਚ ਬਰਡ ਫਲੂ ਦੇ H10N3 ਦੇ ਸਟ੍ਰੇਨ ਦੀ ਪੁਸ਼ਟੀ ਕੀਤੀ ਹੈ। ਇਹ ਵਿਅਕਤੀ ਚੀਨ ਦੇ ਜਿਆਂਗਸੂ ਸੂਬੇ ਦਾ ਵਸਨੀਕ ਹੈ। ਐੱਨ. ਐੱਚ. ਸੀ. ਨੇ ਦੱਸਿਆ ਕਿ ਇਸ ਵਿਅਕਤੀ ਨੂੰ ਬੁਖਾਰ ਅਤੇ ਹੋਰ ਲੱਛਣਾਂ ਤੋਂ ਬਾਅਦ 28 ਅਪ੍ਰੈਲ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇੱਕ ਮਹੀਨੇ ਬਾਅਦ ਭਾਵ 28 ਮਈ ਨੂੰ ਇਸ ’ਚ H10N3 ਸਟੇਨ ਪਾਇਆ ਗਿਆ।
ਇਹ ਵੀ ਪੜ੍ਹੋ : ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ
ਇੰਝ ਹੋਇਆ ਇਨਸਾਨ ਵਿਚ ਦਾਖਲ
ਨੈਸ਼ਨਲ ਹੈਲਥ ਕਮਿਸ਼ਨ (ਐੱਨ.ਐੱਚ.ਸੀ.) ਨੇ ਪੀੜਤ ਵਿਅਕਤੀ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਦੱਸਿਆ ਕਿ ਯਕੀਨੀ ਤੌਰ ’ਤੇ ਇਹ ਸਟ੍ਰੇਨ ਮੁਰਗੀ ਤੋਂ ਇਨਸਾਨ ’ਚ ਪਹੁੰਚ ਗਈ। ਹਾਲਾਂਕਿ ਐੱਨ. ਐੱਚ. ਸੀ. ਦਾ ਕਹਿਣਾ ਹੈ ਕਿ H10N3 ਸਟ੍ਰੇਨ ਬਹੁਤ ਸ਼ਕਤੀਸ਼ਾਲੀ ਨਹੀਂ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਫੈਲਣ ਦਾ ਜੋਖਮ ਵੀ ਘੱਟ ਹੈ। ਪੀੜਤ ਦੀ ਹਾਲਤ ਹੁਣ ਸਥਿਰ ਹੈ ਅਤੇ ਜਲਦ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਐੱਨ. ਐੱਚ. ਸੀ. ਦੇ ਅਨੁਸਾਰ ਇਸ ਇਨਸਾਨ ਦੇ ਸੰਪਰਕ ’ਚ ਆਏ ਲੋਕਾਂ ਦੀ ਡਾਕਟਰੀ ਜਾਂਚ ’ਚ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ’ਚ ਏਵੀਅਨ ਐਨਫਲੂਐਂਜ਼ਾ ਯਾਨੀ ਬਰਡ ਫਲੂ ਦੇ ਬਹੁਤ ਸਾਰੇ ਸਟ੍ਰੇਨ ਹਨ ਅਤੇ ਇਨ੍ਹਾਂ ’ਚੋਂ ਕੁਝ ਮਨੁੱਖਾਂ ਨੂੰ ਵੀ ਪਾਜ਼ੇਟਿਵ ਕਰ ਚੁੱਕੇ ਹਨ। ਇਹ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਹੜੇ ਪੋਲਟਰੀ ’ਚ ਕੰਮ ਕਰਦੇ ਹਨ। ਹਾਲਾਂਕਿ ਹੁਣ ਤੱਕ H10N3 ਸਟ੍ਰੇਨ ਦੁਨੀਆ ਭਰ ਦੇ ਕਿਸੇ ਵੀ ਮਨੁੱਖ ਵਿੱਚ ਨਹੀਂ ਮਿਲਿਆ ਸੀ। ਚੀਨ ’ਚ ਇਹ ਇਸ ਦਾ ਪਹਿਲਾ ਕੇਸ ਹੈ।
ਇਹ ਵੀ ਪੜ੍ਹੋ : BRICS ਦੇਸ਼ਾਂ ਦੀ ਅੱਜ ਹੋਵੇਗੀ ਵਰਚੁਅਲ ਬੈਠਕ, ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਪ੍ਰਧਾਨਗੀ
ਦੁਨੀਆ ’ਚ ਇਸ ਲਈ ਫੈਲਿਆ ਡਰ
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਭਾਵੇਂ H10N3 ਦੇ ਫੈਲਣ ਦੀ ਸੰਭਾਵਨਾ ਘੱਟ ਦੱਸੀ ਹੈ ਪਰ ਇਹ ਖ਼ਬਰ ਸਾਰੀ ਦੁਨੀਆ ਲਈ ਡਰਾਉਣੀ ਹੈ ਕਿਉਂਕਿ ਕੋਰੋਨਾ ਵਾਇਰਸ ਵੀ ਚੀਨ ਜ਼ਰੀਏ ਪੂਰੀ ਦੁਨੀਆ ’ਚ ਫੈਲਿਆ ਸੀ ਅਤੇ ਅੱਜ ਤੱਕ ਵਿਸ਼ਵ ਇਸ ਮਹਾਮਾਰੀ ਤੋਂ ਛੁਟਕਾਰਾ ਨਹੀਂ ਪਾ ਸਕਿਆ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਭਾਰਤ ’ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਬੀ.1.617.2 ਵੇਰੀਐਂਟ ਦੀ ਪਛਾਣ ਡੈਲਟਾ ਵਜੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਇਥੇ ਮਿਲਿਆ ਇਕ ਹੋਰ ਰੂਪ B.1.617.1 ਨੂੰ ਕੱਪਾ ਦੇ ਨਾਂ ਨਾਲ ਜਾਣਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਇਨ੍ਹਾਂ ਰੂਪਾਂ ਦੀ ਪਹਿਲੀ ਪਛਾਣ ਅਕਤੂਬਰ 2020 ’ਚ ਭਾਰਤ ਵਿਚ ਹੋਈ ਸੀ।