ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਬੱਚਿਆਂ ਦੇ ਕਰਵਾਏ ਗੁਰਮਤਿ ਗਿਆਨ ਮੁਕਾਬਲੇ
Monday, Jul 25, 2022 - 03:55 PM (IST)
ਰੋਮ/ਇਟਲੀ (ਕੈਂਥ) : ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 18 ਸਾਲ ਦੀ ਉਮਰ ਤੱਕ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆਂ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ 18 ਸਾਲ ਤੱਕ ਦੇ ਲੱਗਭਗ 30 ਬੱਚਿਆ ਵਲੋਂ ਹਿੱਸਾ ਲਿਆ ਗਿਆ। ਇਨ੍ਹਾਂ ਮੁਕਾਬਲਿਆਂ ’ਚੋਂ ਪਹਿਲੇ ਜੇਤੂ ਪੰਜ ਬੱਚਿਆਂ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਸੀਰਤ ਕੌਰ (9) ਪਹਿਲਾ ਦਰਜਾ, ਮਨਰੀਤ ਕੌਰ (10) ਦੂਜਾ ਦਰਜਾ, ਅੰਮ੍ਰਿਤਪਾਲ ਕੌਰ (11) ਤੀਜਾ ਦਰਜਾ, ਸੁਖਜੀਤ ਕੌਰ (12) ਚੌਥਾ ਦਰਜਾ ਅਤੇ ਹਰਨੂਰ ਸਿੰਘ (12) ਵੱਲੋਂ ਪੰਜਵਾਂ ਦਰਜਾ ਹਾਸਲ ਕੀਤਾ ਗਿਆ।
ਇਸ ਤੋਂ ਇਲਾਵਾ ਜਿਹੜੇ ਬਾਕੀ ਬੱਚੇ ਸਨ, ਜਿਨ੍ਹਾਂ ਨੇ ਗੁਰਮਤਿ ਗਿਆਨ ਮੁਕਾਬਲਿਆਂ ’ਚ ਹਿੱਸਾ ਲਿਆ ਸੀ ਅਤੇ ਜਿਨ੍ਹਾਂ ਨੇ ਹਿੱਸਾ ਨਹੀਂ ਲਿਆ, ਉਨ੍ਹਾਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਬਾਣੀ ਗਿਆਨ ਮੁਕਾਬਲੇ ਕਰਵਾਉਣ ਦਾ ਸਾਡਾ ਇਕੋ-ਇਕ ਮਕਸਦ ਸੀ ਕਿ ਇਟਲੀ ’ਚ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਗੁਰਬਾਣੀ ਕੰਠ ਨਾਲ ਜੋੜ ਕੇ ਰੱਖਣਾ ਹੈ ਤਾਂ ਜੋ ਵਿਦੇਸ਼ਾਂ ਦੀ ਧਰਤੀ ’ਤੇ ਰਹਿ ਕੇ ਗੁਰਬਾਣੀ ਤੋਂ ਪ੍ਰੇਰਿਤ ਹੋ ਸਕਣ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠੰਡੇ-ਮਿੱਠੇ ਜਲ ਦੀਆਂ ਸੇਵਾਵਾਂ ਕੀਤੀਆਂ ਗਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।