ਗੁਰਪਤਵੰਤ ਪੰਨੂ ਦੇ ਨਾਪਾਕ ਇਰਾਦੇ, ਆਜ਼ਾਦੀ ਦਿਹਾੜੇ ਮੌਕੇ ਨੌਜਵਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼
Monday, Aug 14, 2023 - 01:28 PM (IST)
ਚੰਡੀਗੜ੍ਹ (ਰਮਨਜੀਤ ਸਿੰਘ) – ਸੁਤੰਤਰਤਾ ਦਿਵਸ ਦੇ ਨਜ਼ਦੀਕ ਆਉਂਦੇ ਹੀ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਫਿਰ ਤੋਂ ਭਾਰਤੀ, ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਭਰਮਾਊ ਪ੍ਰਚਾਰ ਰਾਹੀਂ ਭੜਕਾ ਕੇ ਤਿਰੰਗੇ ਝੰਡੇ ਦਾ ਨਿਰਾਦਰ ਕਰਵਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਵਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਪੰਨੂ ਵਲੋਂ ਕਈ ਤਰ੍ਹਾਂ ਨਾਲ ਆਪਣੇ ਇਸ ਭਾਰਤ ਵਿਰੋਧੀ ਕੂੜਪ੍ਰਚਾਰ ਨੂੰ ਪੰਜਾਬ ਦੇ ਨੌਜਵਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ। ਇਸ ਵਾਰ ਵੀ ਰਿਕਾਰਡਿਡ ਫ਼ੋਨ ਕਾਲਜ਼ ਅਤੇ ਵੀਡੀਓ ਮੈਸੇਜ ਰਾਹੀਂ ਇਸ ਕੰਮ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਨ੍ਹਾਂ ਵਿਚ ਵੱਖ-ਵੱਖ ਸਰਕਾਰੀ ਇਮਾਰਤਾਂ ’ਤੇ ਲਹਿਰਾਉਣ ਵਾਲੇ ਤਿਰੰਗੇ ਝੰਡੇ ਦਾ ਨਿਰਾਦਰ ਕਰਦਿਆਂ ਖਾਲਿਸਤਾਨੀ ਝੰਡਾ ਫਹਿਰਾਉਣ ਲਈ ਉਕਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੌਂਗ ਡੈਮ ਤੋਂ ਫਿਰ ਛੱਡਿਆ ਗਿਆ ਹਜ਼ਾਰਾਂ ਕਿਊਸਿਕ ਪਾਣੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਧਿਆਨ ਰਹੇ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਸੁਤੰਤਰਤਾ ਦਿਵਸ ਦਿਵਸ, ਗਣਤੰਤਰਤਾ ਦਿਵਸ ਅਤੇ ਅਜਿਹੇ ਹੀ ਹੋਰ ਰਾਸ਼ਟਰੀ ਮਹੱਤਵ ਦੇ ਦਿਨਾਂ ਤੋਂ ਪਹਿਲਾਂ ਆਪਣੀ ਸਰਗਰਮੀ ਸੋਸ਼ਲ ਮੀਡੀਆ ’ਤੇ ਵਧਾ ਦਿੱਤੀ ਜਾਂਦੀ ਹੈ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਡਾਲਰਾਂ ਅਤੇ ਵਿਦੇਸ਼ਾਂ ਵਿਚ ਸੈਟਲ ਕਰਨ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾਇਆ ਜਾਵੇ। ਇੰਝ ਹੀ ਕਈ ਮਾਮਲੇ ਪਹਿਲਾਂ ਵੀ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਵਿਚ ਅੱਤਵਾਦੀ ਪੰਨੂ ਅਤੇ ਉਸ ਦੇ ਸਾਥੀਆਂ ਵਲੋਂ ਉਕਸਾਏ ਜਾਣ ਤੋਂ ਬਾਅਦ ਨੌਜਵਾਨਾਂ ਨੇ ਸਰਕਾਰੀ ਇਮਾਰਤਾਂ ’ਤੇ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਕੋਸ਼ਿਸ਼ ਕੀਤੀ, ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਲਿਖੀ ਅਤੇ ਵੀਡੀਓ ਬਣਾ ਕੇ ਪੰਨੂ ਨੂੰ ਭੇਜੇ। ਉਹ ਵੱਖਰੀ ਗੱਲ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਨਾ ਤਾਂ ਡਾਲਰ ਹਾਸਿਲ ਹੋਏ ਅਤੇ ਨਾ ਹੀ ਵਿਦੇਸ਼ੀ ਧਰਤੀ ’ਤੇ ਕਦਮ ਰੱਖਣ ਦਾ ਸੁਪਨਾ ਹੀ ਪੂਰਾ ਹੋਇਆ, ਉਲਟਾ ਅਜਿਹੀਆਂ ਹੀ ਘਟਨਾਵਾਂ ਸਬੰਧੀ ਕਰੀਬ 48 ਮਾਮਲੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਦਰਜ ਹੋਏ, ਜਿਨ੍ਹਾਂ ਵਿਚ 56 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਚਰਚਿਤ ਅਤੇ ਪਹਿਲਾ ਮਾਮਲਾ ਮੋਗੇ ਦੀ ਅਦਾਲਤ ਖੇਤਰ ’ਤੇ ਤਿੰਨ ਨੌਜਵਾਨਾਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਰਿਹਾ ਸੀ, ਜਿਸ ਵਿਚ ਪੰਜਾਬ ਪੁਲਸ ਵਲੋਂ ਜਸਪਾਲ ਸਿੰਘ, ਇੰਦਰਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ 2021 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਖ਼ਤ ਧਾਰਾਵਾਂ ਕਾਰਣ 19 ਤੋਂ 25 ਸਾਲ ਉਮਰ ਵਰਗ ਦੇ ਇਹ ਨੌਜਵਾਨ ਲੰਬਾ ਸਮਾਂ ਜੇਲ ਵਿਚ ਬੰਦ ਰਹੇ ਹਨ।
ਇਹ ਵੀ ਪੜ੍ਹੋ: ਕੀ ਪੰਜਾਬ 'ਚ ਅੱਜ ਤੋਂ 3 ਦਿਨਾਂ ਲਈ ਹੋਵੇਗਾ ਬੱਸਾਂ ਦਾ ਚੱਕਾ ਜਾਮ? ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਕੀਤੇ ਜਾਂਦੇ ਕੂੜਪ੍ਰਚਾਰ ਅਤੇ ਨੌਜਵਾਨਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ’ਤੇ ਆਈ.ਜੀ. ਮੁੱਖ ਦਫ਼ਤਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਸ ਅਜਿਹੇ ਹਰ ਤਰ੍ਹਾਂ ਦੇ ਕੂੜ ਪ੍ਰਚਾਰ ਨੂੰ ਬੇਅਸਰ ਕਰਨ ਵਿਚ ਸਮਰੱਥ ਹੈ ਅਤੇ ਪੁਰਾਣੇ ਮਾਮਲਿਆਂ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਇਹ ਗੱਲ ਵੀ ਸਪੱਸ਼ਟ ਹੋ ਚੁੱਕੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂਨੀ ਸਰਗਰਮੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਕੋਈ ਵੀ ਪੰਜਾਬ ਪੁਲਸ ਅਤੇ ਕਨੂੰਨ ਦੀ ਗ੍ਰਿਫ਼ਤ ਤੋਂ ਬਚ ਨਹੀਂ ਸਕਦਾ। ਉਨ੍ਹਾਂ ਨੇ ਲੋਕਾਂ, ਖਾਸ ਕਰ ਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਰਾਹੀਂ ਅੱਤਵਾਦੀ ਸੰਗਠਨਾਂ ਵਲੋਂ ਚਲਾਏ ਜਾ ਰਹੇ ਭਰਮਾਊ ਪ੍ਰਚਾਰ ਦੇ ਜਾਲ ਵਿਚ ਨਾ ਫਸਣ, ਸਗੋਂ ਅਜਿਹੇ ਕਿਸੇ ਵੀ ਯਤਨ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਜਾਵੇ। ਧਿਆਨ ਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਅਤੇ ਖਾਸ ਕਰਕੇ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਿਹਾ ਹੈ ਸਿਖਸ ਫਾਰ ਜਸਟਿਸ ਸੰਗਠਨ ਅਤੇ ਉਸ ਦਾ ਪ੍ਰਮੁੱਖ ਕਰਤਾਧਰਤਾ ਗੁਰਪਤਵੰਤ ਸਿੰਘ ਪੰਨੂ। ਇਹ ਉਹੀ ਸੰਗਠਨ ਹੈ ਜੋ ਲਗਾਤਾਰ ਪੰਜਾਬ ਵਿਚ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਅੱਤਵਾਦੀ ਸਰਗਰਮੀਆਂ ਕਾਰਣ ਹੀ ਕੇਂਦਰ ਸਰਕਾਰ ਵਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਖਤਰਨਾਕ ਅੱਤਵਾਦੀ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।