ਬੰਦੂਕਧਾਰੀਆਂ ਨੇ ਸੁਰੱਖਿਆ ਬਲਾਂ ‘ਤੇ ਘਾਤ ਲਗਾ ਕੇ ਕੀਤਾ ਹਮਲਾ, 8 ਜਵਾਨਾਂ ਦੀ ਮੌਤ
Friday, Oct 17, 2025 - 10:12 PM (IST)

ਇੰਟਰਨੈਸ਼ਨਲ ਡੈਸਕ - ਨਾਈਜੀਰੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਉੱਤਰ-ਪੱਛਮੀ ਜ਼ਮਫਾਰਾ ਰਾਜ ਵਿੱਚ ਬੰਦੂਕਧਾਰੀਆਂ ਨੇ ਸੁਰੱਖਿਆ ਬਲਾਂ ‘ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ, ਜਿਸ ਵਿੱਚ 8 ਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਰਾਜ ਦੇ ਗਵਰਨਰ ਨੇ ਦਿੱਤੀ।
ਗਵਰਨਰ ਦਾਉਦਾ ਲਾਵਾਲ ਨੇ ਫੇਸਬੁੱਕ ‘ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਹ ਹਮਲਾ ਵੀਰਵਾਰ ਨੂੰ ਜ਼ਮਫਾਰਾ ਰਾਜ ਦੇ ਤਸਫੇ ਖੇਤਰ ਵਿੱਚ ਹੋਇਆ। ਇਸ ਹਮਲੇ ਵਿੱਚ ਪੰਜ ਪੁਲਸ ਅਧਿਕਾਰੀ ਅਤੇ ਇੱਕ ਅਰਧਸੈਨਿਕ ਗਰੁੱਪ ਦੇ ਤਿੰਨ ਮੈਂਬਰ ਮਾਰੇ ਗਏ। ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਅਤੇ ਸਥਾਨਕ ਪ੍ਰਸ਼ਾਸਨ ਹਮਲਾਵਰਾਂ ਦੀ ਤਲਾਸ਼ ਵਿੱਚ ਜੁੱਟੇ ਹੋਏ ਹਨ।
ਲਾਵਾਲ ਨੇ ਕਿਹਾ ਕਿ ਹਮਲਾਵਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਅਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਜ਼ਮਫਾਰਾ ਅਤੇ ਨਾਈਜੀਰੀਆ ਵਿੱਚ ਇਹ ਹਿੰਸਾ ਖਤਮ ਹੋਵੇ।
ਸਥਾਨਕ ਰਹਿਣ ਵਾਲੇ ਬੁਹਾਰੀ ਮੋਰਕੀ ਨੇ ਦੱਸਿਆ ਕਿ ਹਮਲਾਵਰ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਲੁਕੇ ਹੋਏ ਸਨ, ਜਿੱਥੇ ਆਮ ਤੌਰ ‘ਤੇ ਸੁਰੱਖਿਆ ਬਲ ਗਸ਼ਤ ਕਰਦੇ ਹਨ। ਜਿਵੇਂ ਹੀ ਜਵਾਨ ਉਥੋਂ ਲੰਘੇ, ਉਨ੍ਹਾਂ ਨੇ ਅਚਾਨਕ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਸ ਨਾਲ ਜਵਾਨਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਹਮਲੇ ਤੋਂ ਬਾਅਦ ਪੂਰੇ ਖੇਤਰ ਵਿੱਚ ਦਹਿਸ਼ਤ ਅਤੇ ਹੜਕੰਪ ਮਚ ਗਿਆ ਅਤੇ ਮੌਕੇ ‘ਤੇ ਵੱਡੀ ਪੁਲਸ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ।