ਹਫ਼ਤਿਆਂ ਦੀ ਸਮੁੰਦਰੀ ਯਾਤਰਾ ਤੋਂ ਬਾਅਦ ਇੰਡੋਨੇਸ਼ੀਆ ਪਹੁੰਚਿਆ 58 ਰੋਹਿੰਗਿਆ ਸ਼ਰਨਾਰਥੀਆਂ ਦਾ ਸਮੂਹ
Monday, Dec 26, 2022 - 01:14 PM (IST)
ਬੰਦਾ ਆਸੇਹ (ਭਾਸ਼ਾ) : ਭੁੱਖੇ ਅਤੇ ਕਮਜ਼ੋਰ ਨਜ਼ਰ ਆ ਰਹੇ ਦਰਜਨਾਂ ਰੋਹਿੰਗਿਆ ਮੁਸਲਮਾਨ ਹਫ਼ਤਿਆਂ ਦੀ ਸਮੁੰਦਰੀ ਯਾਤਰਾ ਤੋਂ ਬਾਅਦ ਐਤਵਾਰ ਨੂੰ ਇੰਡੋਨੇਸ਼ੀਆ ਦੇ ਆਸੇਹ ਸੂਬੇ ਦੇ ਤੱਟ 'ਤੇ ਪਹੁੰਚੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਸ ਮੁਖੀ ਰੋਲੀ ਯੁਇਜਾ ਅਵੇ ਨੇ ਕਿਹਾ ਕਿ 58 ਵਿਅਕਤੀਆਂ ਦਾ ਇੱਕ ਸਮੂਹ ਐਤਵਾਰ ਤੜਕੇ ਆਸੇਹ ਬੇਸਾਰ ਜ਼ਿਲ੍ਹੇ ਦੇ ਲੇਡੋਂਗ ਪਿੰਡ ਦੇ ਇੰਦਰਪਤਰ ਤੱਟ 'ਤੇ ਪਹੁੰਚਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਰੋਹਿੰਗਿਆ ਨਸਲੀ ਸਮੂਹ ਨੂੰ ਲੱਕੜ ਦੀ ਟੁੱਟੀ ਹੋਈ ਕਿਸ਼ਤੀ 'ਤੇ ਦੇਖਿਆ ਅਤੇ ਉਨ੍ਹਾਂ ਨੂੰ ਉਤਰਨ 'ਚ ਮਦਦ ਕੀਤੀ।
ਫਿਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਆਉਣ ਦੀ ਸੂਚਨਾ ਦਿੱਤੀ। ਅਵੇ ਨੇ ਕਿਹਾ, “ਉਹ ਭੁੱਖ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਬਹੁਤ ਕਮਜ਼ੋਰ ਨਜ਼ਰ ਆ ਰਹੇ ਸਨ। ਉਨ੍ਹਾਂ ਵਿਚੋਂ ਕੁਝ ਲੰਬੇ ਅਤੇ ਗੁੰਝਲਦਾਰ ਸਫ਼ਰ ਕਾਰਨ ਬੀਮਾਰ ਹੋ ਗਏ ਹਨ।” ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਹੋਰਨਾਂ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ। ਅਵੇ ਨੇ ਕਿਹਾ ਕਿ ਘੱਟੋ-ਘੱਟ ਤਿੰਨ ਵਿਅਕਤੀਆਂ ਨੂੰ ਡਾਕਟਰੀ ਦੇਖਭਾਲ ਲਈ ਕਲੀਨਿਕ ਲਿਜਾਇਆ ਗਿਆ ਅਤੇ ਹੋਰਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ।