ਸਥਾਨਕ ਫਾਰਮੇਸੀਆਂ ਤੋਂ ਵੀ ਪ੍ਰਾਪਤ ਕੀਤੀ ਜਾ ਸਕੇਗੀ ਕੋਰੋਨਾ ਵੈਕਸੀਨ : ਗ੍ਰੈਗ ਹੰਟ
Sunday, Jan 31, 2021 - 06:06 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਜਲਦੀ ਹੀ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਹੁਣ ਸਿਹਤ ਮੰਤਰੀ ਗ੍ਰੈਗ ਹੰਟ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਫਰਵਰੀ ਵਿਚ ਜਦੋਂ ਕੋਰੋਨਾ ਵੈਕਸੀਨ ਵੰਡਣੀ ਸ਼ੁਰੂ ਕੀਤੀ ਜਾਵੇਗੀ ਤਾਂ ਇਸ ਦੀ ਮਿਕਦਾਰ ਨੂੰ ਜਨਤਕ ਪੱਧਰ ਤੱਕ ਪਹੁੰਚਾਉਣ ਲਈ ਇਹ ਵੈਕਸੀਨ 5800 ਤੋਂ ਵੀ ਵੱਧ ਆਸਟ੍ਰੇਲੀਆਈ ਫਾਰਮੇਸੀਆਂ 'ਤੇ ਵੀ ਉਪਲਬਧ ਹੋਵੇਗੀ।
ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਐਲਾਨਨਾਮੇ ਵਿਚ ਇਹ ਦਰਸਾਇਆ ਗਿਆ ਹੈ ਕਿ ਇਸ ਲਈ ਫਾਰਮੇਸੀਆਂ ਨੂੰ ਆਪਣੀ ਇੱਛਾ ਦਾ ਪ੍ਰਗਟਾਵਾ ਕਰਨਾ ਪਵੇਗਾ ਅਤੇ ਇਸ ਲਈ ਬਹੁਤ ਹੀ ਥੋੜ੍ਹੀ ਮਾਤਰਾ ਵਿਚ ਕੁਝ ਕੁ ਲੋੜੀਂਦੀਆਂ ਗੱਲਾਂ ਦੀ ਪੂਰਤੀ ਕਰਨੀ ਹੋਵੇਗੀ। ਇਸ ਬਾਬਤ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਫਾਰਮੇਸੀਆਂ ਪਹਿਲਾਂ ਤੋਂ ਆਪਣੀ ਇੱਛਾ ਦਾ ਇਜ਼ਹਾਰ ਕਰ ਚੁਕੀਆਂ ਹਨ ਅਤੇ ਆਪਣੀ ਸਮਰੱਥਾ ਅਤੇ ਸਿਖਲਾਈ ਦਾ ਵੀ ਮੁਜ਼ਾਹਰਾ ਕਰ ਚੁਕੀਆਂ ਹਨ। ਆਸਟ੍ਰੇਲੀਆਈ ਫਾਰਮੇਸੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜੋਰਜ ਟੈਂਬੇਸਿਸ ਨੇ ਕਿਹਾ ਹੈ ਕਿ ਸਰਕਾਰ ਲਈ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਪੂਰਤੀਆਂ ਨੂੰ ਫਾਰਮੇਸੀਆਂ ਲਈ ਪੂਰਾ ਕਰਨਾ ਕੋਈ ਜ਼ਿਆਦਾ ਲੰਬਾ-ਚੌੜਾ ਕੰਮ ਨਹੀਂ ਕਿਉਂਕਿ ਉਹ ਅਜਿਹੇ ਮਾਮਲਿਆਂ ਅੰਦਰ ਪੂਰੀ ਸਿਖਲਾਈ ਪ੍ਰਾਪਤ ਹਨ।
ਪੜ੍ਹੋ ਇਹ ਅਹਿਮ ਖਬਰ- ਜਗਮੀਤ ਸਿੰਘ ਨੇ ਕੀਤਾ ਕਿਸਾਨ ਅੰਦਲੋਨ ਦਾ ਸਮਰਥਨ, ਪੀ.ਐੱਮ ਟਰੂਡੋ ਨੂੰ ਕੀਤੀ ਦਖਲ ਦੀ ਮੰਗ
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਅੰਦਰ ਅਜਿਹੀਆਂ ਫਾਰਮੇਸੀਆਂ ਦਾ ਇੱਕ ਵਧੀਆ ਨੈੱਟਵਰਕ ਹੈ ਅਤੇ ਇਸ ਮਾਧਿਅਮ ਰਾਹੀਂ ਵੀ ਕੋਵਿਡ ਵੈਕਸੀਨ ਦਾ ਵਿਤਰਣ ਕਰਨਾ ਸਰਕਾਰ ਦਾ ਲਾਹੇਵੰਦ ਹੋਣ ਦੇ ਨਾਲ ਨਾਲ ਸਮਾਂ ਬਚਾਊ ਵੀ ਹੈ। ਸਿਹਤ ਮੰਤਰੀ ਗੈਗ ਹੰਟ ਨੇ ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦੇ ਵਿਤਰਣ ਬਾਰੇ ਹੋਣ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਅੰਦਰ ਜੋ ਕਲੀਨਿਕ ਮੌਜੂਦ ਹਨ, ਉਨ੍ਹਾਂ ਸਭ ਨੇ ਕਿਹਾ ਹੈ ਕਿ ਉਹ ਆਪਣੇ ਡਿਊਟੀ ਦੇ ਘੰਟਿਆਂ ਤੋਂ ਵੱਧ ਕੰਮ ਕਰਨ ਦੇ ਨਾਲ-ਨਾਲ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨਾਂ ਵਿਚ ਵੀ ਕੰਮ ਕਰਨਗੇ ਤਾਂ ਜੋ ਦੇਸ਼ ਦੀ ਜਨਤਾ ਨੂੰ ਸਮਾਂ ਰਹਿੰਦਿਆਂ ਹੀ ਕੋਰੋਨਾ ਦੀ ਦਵਾਈ ਦੇਣ ਦਾ ਕੰਮ ਸਿਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕੰਮ ਲਈ ਜਨਲਰ ਪ੍ਰੈਕਟਿਸ਼ਨਰ ਇੰਨਾ ਕੁ ਉਤਸਾਹ ਦਿਖਾ ਰਹੇ ਹਨ ਕਿ ਕਲੀਨਿਕਾਂ ਵਿਚ ਮੌਜੂਦਗੀ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਮਿਕਦਾਰ ਨੂੰ 2000 ਤੱਕ ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ 1000 ਦੀ ਗਿਣਤੀ ਵਿੱਚ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਆਸਟ੍ਰੇਲੀਆਈ ਵਿਅਕਤੀ ਨੂੰ ਕੋਰੋਨਾ ਵੈਕਸੀਨ ਲਈ ਕੋਈ ਵੀ ਕੀਮਤ ਅਦਾ ਨਹੀਂ ਕਰਨੀ ਹੋਵੇਗੀ ਅਤੇ ਇਹ ਹਰ ਥਾਂ ਉਪਰ ਮੁਫ਼ਤ ਮਿਲੇਗੀ। ਅਸਲ ਵਿਚ ਕੁਝ ਅਫ਼ਵਾਹਾਂ ਫੈਲ ਰਹੀਆਂ ਸਨ ਕਿ ਜਨਰਲ ਪ੍ਰੈਕਟਿਸ਼ਨਰ ਇਸ ਸੇਵਾ ਲਈ ਕੁਝ ਨਾ ਕੁਝ ਫੀਸ ਲੈਣਗੇ ਪਰ ਸਿਹਤ ਮੰਤਰੀ ਨੇ ਇਸ ਅਫ਼ਵਾਹ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਕੋਸ਼ਿਸ਼ ਵਿਚ ਹਾਂ ਕਿ ਵੈਕਸੀਨ ਦੀ ਖੁਰਾਕ ਸਮੁੱਚੇ ਆਸਟ੍ਰੇਲੀਆ ਵਿਚ ਹੀ ਵਿਤਰਣ ਦਾ ਕੰਮ ਇਸੇ ਸਾਲ ਅਕਤੂਬਰ ਦੇ ਮਹੀਨੇ ਤੱਕ ਪੂਰਾ ਕਰ ਲਿਆ ਜਾਵੇ ਅਤੇ ਇਸ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਨੋਟ- ਆਸਟ੍ਰੇਲੀਆ ਵਿਚ ਸਥਾਨਕ ਫਾਰਮੇਸੀਆਂ 'ਤੇ ਵੀ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।