ਬ੍ਰਿਸਬੇਨ ''ਚ ਗਰੀਨ ਪਾਰਟੀ ਵਲੋਂ ਸਿਆਸੀ ਜਾਗਰੂਕਤਾ ਸੈਮੀਨਾਰ ਆਯੋਜਿਤ

Wednesday, Aug 29, 2018 - 10:38 AM (IST)

ਬ੍ਰਿਸਬੇਨ ''ਚ ਗਰੀਨ ਪਾਰਟੀ ਵਲੋਂ ਸਿਆਸੀ ਜਾਗਰੂਕਤਾ ਸੈਮੀਨਾਰ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆਈ ਸਿਆਸਤ 'ਚ ਹੁਕਮਰਾਨ ਪਾਰਟੀ ਵੱਲੋਂ ਭਾਵੇਂ ਹੀ ਨਵੇਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਬਣਾ ਦਿੱਤਾ ਹੈ ਪਰ ਹੁਕਮਰਾਨ ਪਾਰਟੀ ਨੂੰ ਘੇਰਨ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਬਾਕੀ ਪਾਰਟੀਆਂ 'ਚ ਵੀ ਸਿਆਸੀ ਹੱਲ-ਚੱਲ ਪੈਦਾ ਹੋ ਗਈ ਹੈ। ਇਸ ਦਰਮਿਆਨ ਹੀ ਨਿਊ ਮਾਰਕੀਟ ਬਾਊਲਸ ਕਲੱਬ ਵਿਖੇ ਗਰੀਨ ਪਾਰਟੀ ਦੀ ਸੈਨੇਟਰ ਮਹਿਰੀਨ ਫਾਰੂਕੀ ਦੀ ਅਗਵਾਈ 'ਚ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸੈਮੀਨਾਰ ਦੇ ਮੰਚ ਦਾ ਸੰਚਾਲਨ ਸੈਨੇਟਰ ਐਂਡਰਿਊ ਬਾਟਰਲਿਟ ਨੇ ਕੀਤਾ ਅਤੇ ਸਮਰਥਕਾਂ ਦੇ ਸਵਾਲਾਂ ਨੂੰ ਨੇਤਾਵਾਂ ਨਾਲ ਸਾਂਝਾ ਕੀਤਾ। ਇਸ ਸੈਮੀਨਾਰ ਵਿਚ ਅਫਰੀਕਨ ਕਮਿਊਨਿਟੀ ਸ਼ੈਰਨ ਉਰਪਲਿੰਗ, ਫਾਇਜ਼ਾ ਇਲ ਹਗੇਜ਼ੀ ਸੁਡਾਨੀ ਕਮਿਊਨਿਟੀ, ਮੈਂਬਰ ਪਾਰਲੀਮੈਂਟ ਮਾਈਕਲ ਬਰਕਮੈਨ, ਗਰੀਨ ਪਾਰਟੀ ਦੇ ਕੁਈਨਜ਼ਲੈਂਡ ਤੋਂ ਸੈਨੇਟ ਦੇ ੁਉਮੀਦਵਾਰ ਨਵਦੀਪ ਸਿੰਘ ਤੋਂ ਇਲਾਵਾ ਤਕਰੀਬਨ 20 ਦੇਸ਼ਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਸਮਾਰੋਹ 'ਚ ਪਹੁੰਚੇ ਨੇਤਾਵਾਂ ਨੇ ਪ੍ਰਵਾਸੀਆਂ ਅਤੇ ਸਥਾਨਕ ਲੋਕਾਂ ਨੂੰ ਯੂਨੀਅਨ ਦੇ ਮੈਂਬਰ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੰਗ ਹੈ। ਸੈਨੇਟਰ ਮਹਿਰੀਨ ਫਾਰੂਕੀ ਨੇ ਬਹੁ-ਸੱਭਿਅਕ ਸਮਾਜ ਦੀ ਸਿਰਜਣਾ 'ਤੇ ਜ਼ੋਰ ਦਿੱਤਾ ਅਤੇ ਉਸ ਦੇ ਨਾਲ-ਨਾਲ ਔਰਤਾਂ ਨੂੰ ਰਸੋਈ ਅਤੇ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੇ ਹੱਕਾਂ ਨੂੰ ਪਛਾਣਨ ਦੀ ਗੱਲ ਆਖੀ। ਫਾਰੂਕੀ ਨੇ ਦੇਸ਼ ਦੀ ਰਾਜਨੀਤੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਔਰਤਾਂ ਦਾ ਵੱਡਾ ਯੋਗਦਾਨ ਹੀ ਦੇਸ਼ ਦੇ ਰਾਜਨੀਤਕ ਢਾਂਚੇ ਵਿਚ ਸੁਧਾਰ ਲਿਆ ਸਕਦਾ ਹੈ।

ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਕੁਈਨਜ਼ਲੈਂਡ ਤੋਂ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਦੀ ਸਿਆਸਤ 'ਚ ਪ੍ਰਵਾਸੀਆਂ ਦੀ ਭਾਈਵਾਲੀ ਕਾਫੀ ਘੱਟ ਹੈ। ਕੈਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਦੀ ਰਾਜਨੀਤਕ ਸਥਿਤੀ ਨਾਲੋਂ ਵੱਖਰੀ ਹੈ, ਜਿਥੇ ਪ੍ਰਵਾਸੀਆਂ ਦੀ ਭਾਈਵਾਲੀ ਵੱਡੇ ਪੱਧਰ 'ਤੇ ਹੈ।  ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਨੂੰ ਵੀ ਅਜਿਹੇ ਵਿਲੱਖਣ ਲੋਕਤੰਤਰ ਤੋਂ ਦਿਸ਼ਾ-ਨਿਰਦੇਸ਼ ਲੈਣੇ ਚਾਹੀਦੇ ਹਨ ਅਤੇ ਬਹੁ-ਸੱਭਿਅਕ ਰਾਜਨੀਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪੰਜਾਬੀ ਮੂਲ ਦੇ ਆਸਟ੍ਰੇਲੀਅਨ ਸਿਆਸਤਦਾਨ ਨਵਦੀਪ ਸਿੰਘ ਨੂੰ ਗਰੀਨ ਪਾਰਟੀ ਵੱਲੋਂ ਆਗਾਮੀ ਫੈਡਰਲ ਚੋਣਾਂ 'ਚ ਸੈਨੇਟਰ 'ਲਰੀਸਾ ਵਾਟਰਸ' ਦੀ ਅਗਵਾਈ ਵਾਲੀ ਟਿਕਟ ਉੱਪਰ ਕੁਈਨਜ਼ਲੈਂਡ ਲਈ ਦੂਜੇ ਨੰਬਰ ਦਾ ਉਮੀਦਵਾਰ ਐਲਾਨਿਆ ਹੈ।


Related News