ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ ਕਰ''ਤੀ ਅਪੀਲ
Tuesday, Oct 20, 2026 - 04:16 PM (IST)
ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ 63 ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਸਿਹਤ ਸੰਭਾਲ ਸਹੂਲਤਾਂ ਗੁਆ ਰਹੇ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ (Form I-485) ਨੂੰ ਤੁਰੰਤ ਨਿਪਟਾਉਣ ਦੀ ਮੰਗ ਕੀਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਦੇ ਡਾਇਰੈਕਟਰ ਜੋਸਫ ਬੀ. ਐਡਲੋ ਨੂੰ ਭੇਜੇ ਗਏ ਇਸ ਪੱਤਰ 'ਤੇ 14 ਅਕਤੂਬਰ ਦੀ ਮਿਤੀ ਦਰਜ ਹੈ, ਜੋ 19 ਅਕਤੂਬਰ ਨੂੰ ਜਨਤਕ ਕੀਤਾ ਗਿਆ ਹੈ।
ਇਸ ਅਪੀਲ ਦੀ ਅਗਵਾਈ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨਿਊਯਾਰਕ ਦੀ ਯਵੇਟ ਡੀ. ਕਲਾਰਕ ਅਤੇ ਅਰੀਜ਼ੋਨਾ ਦੀ ਅਡੇਲਿਤਾ ਐਸ. ਗ੍ਰੀਜਾਲਵਾ ਨੇ ਕੀਤੀ, ਜਿਨ੍ਹਾਂ ਨਾਲ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜੈਪਾਲ ਅਤੇ ਸ਼੍ਰੀ ਥਾਨੇਦਾਰ ਸਮੇਤ 61 ਹੋਰ ਸੰਸਦ ਮੈਂਬਰ ਸ਼ਾਮਲ ਹਨ।
ਸੰਸਦ ਮੈਂਬਰਾਂ ਅਨੁਸਾਰ 'ਵਨ ਬਿਗ ਬਿਊਟੀਫੁੱਲ ਬਿਲ ਐਕਟ' ਅਧੀਨ 1 ਅਕਤੂਬਰ ਤੋਂ ਲਾਗੂ ਹੋਈਆਂ ਨਵੀਆਂ ਯੋਗਤਾ ਪਾਬੰਦੀਆਂ ਕਾਰਨ ਸ਼ਰਨਾਰਥੀਆਂ , ਐਸਾਇਲਮ ਪ੍ਰਾਪਤਕਰਤਾਵਾਂ, ਘਰੇਲੂ ਹਿੰਸਾ ਅਤੇ ਮਨੁੱਖੀ ਤਸਕਰੀ ਦੇ ਪੀੜਤਾਂ ਦੀਆਂ ਸਿਹਤ ਸਹੂਲਤਾਂ ਖਤਰੇ ਵਿੱਚ ਪੈ ਗਈਆਂ ਹਨ। ਇਹ ਨਿਯਮ ਮੈਡੀਕੇਡ , ਚਿਲਡਰਨਜ਼ ਹੈਲਥ ਇੰਸ਼ੋਰੈਂਸ ਪ੍ਰੋਗਰਾਮ (CHIP), ਮੈਡੀਕੇਅਰ ਅਤੇ ਅਫੋਰਡੇਬਲ ਕੇਅਰ ਐਕਟ ਪ੍ਰੀਮੀਅਮ ਟੈਕਸ ਕ੍ਰੈਡਿਟ ਨੂੰ ਪ੍ਰਭਾਵਿਤ ਕਰ ਰਹੇ ਹਨ। ਕਾਨੂੰਨੀ ਤੌਰ 'ਤੇ ਮੌਜੂਦ ਕਈ ਪ੍ਰਵਾਸੀ ਪੱਕਾ ਨਿਵਾਸ ਅਹੁਦਾ ਮਿਲਣ ਤੋਂ ਬਾਅਦ ਸਿਹਤ ਲਾਭਾਂ ਦੇ ਹੱਕਦਾਰ ਹੋ ਜਾਣਗੇ, ਪਰ ਸਰਕਾਰੀ ਦਫ਼ਤਰਾਂ ਦੀ ਪ੍ਰਸ਼ਾਸਕੀ ਦੇਰੀ ਕਾਰਨ ਉਹ ਗ੍ਰੀਨ ਕਾਰਡ ਦੀ ਉਡੀਕ ਵਿੱਚ ਫਸੇ ਹੋਏ ਹਨ ਅਤੇ ਆਪਣਾ ਸਿਹਤ ਬੀਮਾ ਗੁਆ ਰਹੇ ਹਨ।
2.81 ਲੱਖ ਪ੍ਰਵਾਸੀ ਪ੍ਰਭਾਵਿਤ;
ਅੰਕੜਿਆਂ ਅਨੁਸਾਰ ਅਮਰੀਕਾ ਦੇ 9 ਰਾਜਾਂ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ 2,81,000 ਤੋਂ ਵੱਧ ਕਾਨੂੰਨੀ ਪ੍ਰਵਾਸੀ 1 ਅਕਤੂਬਰ ਤੋਂ ਮੈਡੀਕੇਡ ਕਵਰੇਜ ਖਤਮ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕਾਂਗਰੈਸ਼ਨਲ ਬਜਟ ਦਫ਼ਤਰ ਦੇ ਅਨੁਮਾਨ ਮੁਤਾਬਕ 2034 ਤੱਕ ਸਿਹਤ ਪਾਬੰਦੀਆਂ ਕਾਰਨ ਦੇਸ਼ ਭਰ ਵਿੱਚ 14 ਲੱਖ ਕਾਨੂੰਨੀ ਪ੍ਰਵਾਸੀ ਬਿਨਾਂ ਸਿਹਤ ਬੀਮੇ ਦੇ ਹੋ ਸਕਦੇ ਹਨ। ਪੱਤਰ ਵਿੱਚ ਅਰੀਜ਼ੋਨਾ ਦੀ ਇੱਕ ਔਰਤ ਦੀ ਉਦਾਹਰਨ ਦਿੱਤੀ ਗਈ ਹੈ, ਜੋ ਸਟੇਜ-4 ਦੇ ਮੈਟਾਸਟੈਟਿਕ ਬ੍ਰੈਸਟ ਕੈਂਸਰ ਤੋਂ ਪੀੜਤ ਹੈ ਅਤੇ ਉਸ ਦੀ ਇਲਾਜ ਲਈ ਕੀਮੋਥੈਰੇਪੀ ਚੱਲ ਰਹੀ ਹੈ। ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਮੌਜੂਦ ਹੋਣ ਦੇ ਬਾਵਜੂਦ ਗ੍ਰੀਨ ਕਾਰਡ ਅਰਜ਼ੀ ਲੰਬਿਤ ਹੋਣ ਕਾਰਨ ਉਸ ਦੀ ਮੈਡੀਕੇਡ ਕਵਰੇਜ 1 ਅਕਤੂਬਰ ਨੂੰ ਰੱਦ ਹੋ ਗਈ। ਇਸ ਤੋਂ ਇਲਾਵਾ ਮਿਰਗੀ ਤੋਂ ਪੀੜਤ 9 ਸਾਲਾ ਬੱਚੇ ਸਮੇਤ ਅਰੀਜ਼ੋਨਾ ਦੇ 20,000 ਤੋਂ ਵੱਧ ਪ੍ਰਵਾਸੀ ਅਤੇ ਸ਼ਰਨਾਰਥੀ ਇਸ ਸੰਕਟ ਦੀ ਹਜ਼ਦ ਵਿੱਚ ਹਨ।
ਪੜ੍ਹੋ ਇਹ ਅਹਿਮ ਖ਼ਬਰ- H-1B ਵੀਜ਼ਾ ਪ੍ਰਣਾਲੀ ਬਦਲਣ ਦੀ ਤਿਆਰੀ ! ਭਾਰਤੀ ਆਈ.ਟੀ. ਪੇਸ਼ੇਵਰਾਂ 'ਤੇ ਪਵੇਗਾ ਅਸਰ
ਸੰਸਦ ਮੈਂਬਰਾਂ ਨੇ USCIS ਤੋਂ ਹੇਠ ਲਿਖੇ ਤਿੰਨ ਕਦਮ ਚੁੱਕਣ ਦੀ ਮੰਗ ਕੀਤੀ :
-ਸਿਹਤ ਕਵਰੇਜ ਖਤਮ ਹੋਣ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦੁਆਰਾ ਦਾਇਰ ਕੀਤੀਆਂ Form I-485 ਅਰਜ਼ੀਆਂ ਲਈ ਐਮਰਜੈਂਸੀ ਤੇਜ਼ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
-ਮੌਜੂਦਾ ਤੇਜ਼ ਪ੍ਰਕਿਰਿਆ ਦੇ ਮਾਪਦੰਡਾਂ ਨੂੰ ਸਪੱਸ਼ਟ ਕੀਤਾ ਜਾਵੇ।
-ਸੈਂਟਰਜ਼ ਫਾਰ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ (CMS) ਅਤੇ ਰਾਜ ਏਜੰਸੀਆਂ ਨਾਲ ਤਾਲਮੇਲ ਕਰਕੇ ਸਿਹਤ ਕਵਰੇਜ ਰੱਦ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅਫ਼ਸਰਸ਼ਾਹੀ ਦੀ ਦੇਰੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਰੁਕਾਵਟ ਨਹੀਂ ਬਣਨੀ ਚਾਹੀਦੀ। ਫਿਲਹਾਲ ਪੱਤਰ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ USCIS ਨੇ ਇਨ੍ਹਾਂ ਅਰਜ਼ੀਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕੋਈ ਸਹਿਮਤੀ ਦਿੱਤੀ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
