ਭਾਰਤੀ ਔਰਤ ਕਾਰਨ ਅਮਰੀਕਾ ਨੂੰ ਬਦਲਨੇ ਪਏ ਗ੍ਰੀਨ ਕਾਰਡ ਸਬੰਧੀ ਨਿਯਮ

07/11/2019 6:43:19 PM

ਵਾਸ਼ਿੰਗਟਨ— ਅਮਰੀਕੀ ਕਾਂਗਰਸ 'ਚ ਗ੍ਰੀਨ ਕਾਰਡ 'ਤੇ ਲੱਗੀ 7 ਫੀਸਦੀ ਦੀ ਲਿਮਟ ਨੂੰ ਖਤਮ ਕਰਨ ਸਬੰਧੀ ਬਿੱਲ ਬੁੱਧਵਾਰ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਇਥੇ ਵੱਸੇ ਭਾਰਤੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਭਾਰਤੀਆਂ ਨੂੰ ਫਾਇਦਾ ਪਹੁੰਚਾਉਣ ਵਾਲੇ ਇਸ ਬਿੱਲ ਦੇ ਲਈ ਇਕ ਭਾਰਤੀ ਮਹਿਲਾ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਸ਼੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਹੈ। ਸੁਨੈਨਾ ਦੇ ਪਤੀ ਸ਼੍ਰੀਨਿਵਾਸ ਫਰਵਰੀ 2017 'ਚ ਹੇਟ ਕ੍ਰਾਈਮ ਦੇ ਸ਼ਿਕਾਰ ਹੋ ਗਏ ਸਨ। ਕੰਸਾਸ ਦੇ ਇਕ ਬਾਰ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲਾ ਬਹੁਤ ਸੁਰਖੀਆਂ 'ਚ ਰਿਹਾ ਸੀ।

PunjabKesari

ਸੁਨੈਨਾ ਦੀ ਹੋਈ ਜਿੱਤ
ਜੋ ਅਮਰੀਕੀ ਪ੍ਰਤੀਨਿਧ ਸਭਾ ਵਲੋਂ ਬਿੱਲ ਪਾਸ ਕੀਤਾ ਗਿਆ ਹੈ ਉਸ ਨੂੰ ਫੇਅਰਨੈੱਸ ਆਫ ਹਾਈ ਸਕਿਲਡ ਇਮੀਗ੍ਰੇਸ਼ਨ ਐਕਟ 2019 ਜਾਂ ਐੱਚ.ਆਰ. 1044 ਦਾ ਟਾਇਟਲ ਦਿੱਤਾ ਗਿਆ ਹੈ। ਬਿੱਲ ਨੂੰ 435 ਮੈਂਬਰਾਂ ਵਾਲੀ ਪ੍ਰਤੀਨਿਧ ਸਭਾ ਤੋ ਮਨਜ਼ੂਰੀ ਮਿਲੀ ਹੈ। ਸਭ ਤੋਂ ਅਹਿਮ ਗੱਲ ਹੈ ਕਿ ਬਿੱਲ ਨੂੰ ਸਭਾ 'ਚ ਬਹੁਮਤ ਹਾਸਲ ਹੋਇਆ। ਇਸ ਬਿੱਲ ਦੇ ਪੱਖ 'ਚ 365 ਵੋਟਾਂ ਪਈਆਂ ਤੇ ਵਿਰੋਧ 'ਚ ਸਿਰਫ 35 ਵੋਟਾਂ ਹੀ ਦਰਜ ਹੋ ਸਕੀਆਂ। ਹੁਣ ਬਿੱਲ ਸੈਨੇਟ ਕੋਲ ਜਾਵੇਗਾ। ਅਮਰੀਕਾ ਦੇ ਵਰਤਮਾਨ ਸਿਸਟਮ 'ਚ ਸੁਨੈਨਾ ਤੇ ਉਨ੍ਹਾਂ ਵਾਂਗ ਦੂਜੇ ਅਪ੍ਰਵਾਸੀਆਂ ਨੂੰ ਅਸਥਾਈ ਵਰਕ ਪਰਮਿਟ ਤੋਂ ਬਾਅਦ ਅਮਰੀਕਾ 'ਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

ਪਤੀ ਦੀ ਮੌਤ ਤੋਂ ਬਾਅਦ ਮੁਸ਼ਕਲ ਹੋਇਆ ਰਹਿਣਾ
ਸੁਨੈਨਾ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਖੁਦ ਦਾ ਇਮੀਗ੍ਰੇਸ਼ਨ ਸਟੇਟਸ ਖਤਰੇ 'ਚ ਪੈ ਗਿਆ। ਅਮਰੀਕੀ ਅਖਬਾਰ ਕੰਸਾਸ ਸਿਟੀ ਦੇ ਮੁਤਾਬਕ ਸੁਨੈਨਾ ਨੂੰ ਤੁਰੰਤ ਹੀ ਵਰਕ ਵੀਜ਼ਾ ਮਿਲ ਗਿਆ ਸੀ ਤੇ ਉਹ ਅਮਰੀਕਾ 'ਚ ਰਹਿਣ ਦੇ ਲਈ ਯੋਗ ਹੋ ਗਈ ਸੀ। ਸੁਨੈਨਾ ਨੇ ਬੁੱਧਵਾਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਕਿਹਾ ਕਿ ਅੱਜ ਮੇਰੇ ਜਿਹੇ ਕਈ ਲੋਕਾਂ ਲਈ ਬਹੁਤ ਮਹੱਤਵਪੂਰਨ ਦਿਨ ਹੈ। ਜਿਸ ਦਾ ਅਸੀਂ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਉਹ ਦਿਨ ਆ ਗਿਆ ਹੈ। ਅਖੀਰ ਸਾਡੀ ਸਖਤ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਨੂੰ ਅੱਜ ਜਿੱਤ ਮਿਲੀ ਹੈ। ਸੁਨੈਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਰਹਿਣ ਦੀ ਉਨ੍ਹਾਂ ਦੀ ਯੋਗਤਾ ਖਤਮ ਹੋ ਗਈ ਸੀ। ਆਪਣੀਆਂ ਤਕਲੀਫਾਂ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਇਸ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਐੱਚ.ਆਰ. 1044 ਪਾਸ ਹੋ ਚੁੱਕਿਆ ਹੈ ਤਾਂ ਸ਼ਾਂਤੀ ਮਿਲੀ ਹੈ ਤੇ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।

ਵਾਸ਼ਿੰਗਟਨ ਦੇ ਲਾਏ ਕਈ ਚੱਕਰ
ਦੁਮਾਲਾ ਨੂੰ ਵਾਸ਼ਿੰਗਟਨ ਦੇ ਕਈ ਚੱਕਰ ਲਾਉਣੇ ਪਏ ਸਨ ਤਾਂ ਜਾ ਕੇ ਉਨ੍ਹਾਂ ਨੂੰ ਵੀਜ਼ਾ ਮਿਲਿਆ ਸੀ। ਸਮਰਥਕਾਂ ਦਾ ਕਹਿਣਾ ਹੈ ਕਿ ਵੀਜ਼ਾ 'ਫਸਟ ਕਮ, ਫਸਟ ਸਰਵ' ਦੇ ਸਿਸਟਮ 'ਤੇ ਅਧਾਰਿਤ ਹੈ ਤੇ ਇਹ ਹਰ ਦੇਸ਼ ਦੇ ਨਾਗਰਿਕ ਲਈ ਫਾਇਦੇਮੰਦ ਸਾਬਿਤ ਹੋ ਸਕੇਗਾ। ਅਮਰੀਕੀ ਨਾਗਰਿਕਤਾ ਦੀ ਵੈਧਤਾ ਲਈ ਲੜਨ ਵਾਲੇ ਗਰੁੱਪ ਇਮੀਗ੍ਰੇਸ਼ਨ ਵਾਈਸ ਦੇ ਕੋ-ਫਾਉਂਡਰ ਤੇ ਪ੍ਰੈਜ਼ੀਡੈਂਟ ਅਮਨ ਕਪੂਰ ਦਾ ਕਹਿਣਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ ਉੱਚ-ਕੁਸ਼ਲਤਾ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਮਿਲ ਸਕੇਗਾ ਤੇ ਫਿਰ ਉਹ ਅਮਰੀਕਾ 'ਚ ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰ ਸਕਣਗੇ।

ਕੀ ਹੋਵੇਗਾ ਬਿੱਲ ਦਾ ਫਾਇਦਾ
ਅਮਰੀਕਾ 'ਚ ਗ੍ਰੀਨ ਕਾਰਡ ਦੇ ਵਰਤਮਾਨ ਸਿਸਟਮ ਤੇ ਗੈਰ-ਪ੍ਰਵਾਸੀ ਵੀਜ਼ਾ ਦੇ ਤਹਿਤ ਇਥੇ ਆਉਣ ਵਾਲੇ ਪਰਿਵਾਰਾਂ 'ਚੋਂ ਸਿਰਫ ਕੁਝ ਹੀ ਲੋਕਾਂ ਨੂੰ ਗ੍ਰੀਨ ਕਾਰਡ ਮਿਲਦਾ ਹੈ। ਇਸ ਤਰ੍ਹਾਂ ਦੇ ਵੀਜ਼ਾ ਦੀ ਵਧ ਤੋਂ ਵਧ ਮਿਆਦ 7 ਫੀਸਦੀ ਹੈ। ਬਿੱਲ ਤੋਂ ਬਾਅਦ ਹਰ ਦੇਸ਼ ਲਈ ਇਸ ਮਿਆਦ ਨੂੰ 7 ਤੋਂ 15 ਫੀਸਦੀ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰੁਜ਼ਗਾਰ ਲਈ ਮਿਲਣ ਵਾਲੇ ਵੀਜ਼ਾ 'ਤੇ ਆਉਣ ਵਾਲਿਆਂ ਲਈ ਵੀ 7 ਫੀਸਦੀ ਦੀ ਲਿਮਟ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਬਿੱਲ ਨਾਲ ਚੀਨ ਦੇ ਨਾਗਰਿਕਾਂ ਨੂੰ ਵੀ ਫਾਇਦਾ ਮਿਲੇਗਾ। ਗ੍ਰੀਨ ਕਾਰਡ ਕਿਸੇ ਵੀ ਵਿਅਕਤੀ ਨੂੰ ਅਮਰੀਕਾ 'ਚ ਸਥਾਈ ਤੌਰ 'ਤੇ ਵੱਸਣ ਤੇ ਕੰਮ ਕਰਨ ਦੀ ਮਨਜ਼ੂਰੀ ਦਿੰਦਾ ਹੈ।


Baljit Singh

Content Editor

Related News