ਗ੍ਰੇਟਰ ਮਾਨਚੈਸਟਰ ਦੇ 15 ਸਕੂਲਾਂ ''ਤੇ ਕੋਰੋਨਾ ਦੀ ਮਾਰ, ਹਜ਼ਾਰ ਵਿਦਿਆਰਥੀ ਇਕਾਂਤਵਾਸ
Tuesday, Sep 08, 2020 - 12:10 PM (IST)
ਗਲਾਸਗੋ/ਮਾਨਚੈਸਟਰ, (ਮਨਦੀਪ ਖੁਰਮੀ ਹਿੰਮਤਪੁਰਾ)- ਗ੍ਰੇਟਰ ਮਾਨਚੈਸਟਰ ਵਿਚ 15 ਸਕੂਲਾਂ ਦੇ ਕਈ ਵਿਦਿਆਰਥੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਹਨ। ਇਸ ਦੇ ਸਿੱਟੇ ਵਜੋਂ 1000 ਤੋਂ ਵੱਧ ਵਿਦਿਆਰਥੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਪ੍ਰਾਇਮਰੀ ਸਕੂਲਾਂ ਵਿਚ ਪਾਜ਼ੀਟਿਵ ਮਾਮਲਿਆਂ ਦੇ ਨਤੀਜੇ ਵਜੋਂ ਬੱਚੇ ਉਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਵੱਲੋਂ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਬੱਚਿਆਂ ਦੇ ਭੈਣ-ਭਰਾ ਅਜੇ ਵੀ ਸਕੂਲ ਜਾ ਸਕਦੇ ਹਨ, ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਨੂੰ ਘਰ ਵਿਚ ਹੀ ਰਹਿਣ ਦੀ ਜ਼ਰੂਰਤ ਉਦੋਂ ਹੋਵੇਗੀ ਜਦੋਂ ਇਕਾਂਤਵਾਸ ਹੋਏ ਬੱਚਿਆਂ ਵਿਚ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗ ਜਾਣ।
ਪਾਜ਼ੀਟਿਵ ਮਾਮਲਿਆਂ ਦੀ ਘੋਸ਼ਣਾ ਕਰਨ ਵਾਲਾ ਪਹਿਲਾ ਸਕੂਲ ਸੈਲਫੋਰਡ ਵਿਚ ਬੁਏਲ ਹਿੱਲ ਅਕੈਡਮੀ ਸੀ, ਜਿਸ ਨੇ ਆਪਣੇ ਬੱਚਿਆਂ ਨੂੰ 18 ਸਤੰਬਰ ਤੱਕ ਘਰ ਵਿਚ ਅਲੱਗ ਰੱਖਣ ਲਈ ਕਿਹਾ ਹੈ। ਗ੍ਰੇਟਰ ਮਾਨਚੈਸਟਰ ਦੇ ਵਿਗਨ, ਚੈਡਰਟਨ, ਗੋਰਟਨ, ਸਟਰੈਟਫੋਰਡ, ਸਵਿੰਟਨ, ਸਾਲਫੋਰਡ, ਵਿਟਨਸ਼ਾਅ ਦੇ ਸਕੂਲਾਂ ਵਿੱਚ ਇਹ ਪ੍ਰਕੋਪ ਦੇਖਣ ਨੂੰ ਮਿਲਿਆ ਹੈ।