ਗੁਰਦਾਸ ਮਾਨ ਦੇ ਬੇਕਰਸਫੀਲਡ 'ਚ ਹੋਏ ਸ਼ੋਅ ਨੂੰ ਭਰਵਾਂ ਹੁੰਗਾਰਾ
Monday, Oct 14, 2024 - 10:23 AM (IST)
ਨਿਊਯਾਰਕ/ ਕੈਲੀਫੋਰਨੀਆ (ਰਾਜ ਗੋਗਨਾ)- ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਵਿੱਚ ਹੋਏ “ਅੱਖੀਆਂ ਉਡੀਕਦੀਆਂ ਸ਼ੋਅ ਨੂੰ ਇੱਥੇ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ।ਇਸ ਮੌਕੇ ਉਨ੍ਹਾਂ ਨੂੰ ਸੁਣਨ ਵਾਲੇ ਸਰੋਤਿਆਂ ਦੇ ਖਚਾਖਚ ਭਰੇ ਮਕੈਨਿਕਸ ਬੈਂਕ ਅਰੀਨਾ ਦੇ ਬੇਕਰਸਫੀਲਡ ਵਿਚਲੇ ਹਾਲ ਵਿੱਚ ਸ਼ੋਅ ਕਰਵਾਇਆ ਗਿਆ। ਇਸ ਹਾਲ ਵਿੱਚ ਪ੍ਰਬੰਧਕਾਂ ਵੱਲੋ ਸਕਿਉਰਟੀ ਦੇ ਤਕੜੇ ਪ੍ਰਬੰਧ ਵੀ ਕੀਤੇ ਗਏ ਸਨ, ਤਾਂ ਕਿ ਇਹ ਸ਼ੋਅ ਨਿਰਵਿੱਘਨ ਨਿਪਰੇ ਚੜ੍ਹ ਸਕੇ।
ਆਪਣੇ ਮਹਿਬੂਬ ਕਲਾਕਾਰ ਨੂੰ ਸੁਣਨ ਲਈ ਦਰਸ਼ਕ ਦੂਰ ਦੁਰਾਡੇ ਤੋ ਲੰਮਾ ਪੈਂਡਾ ਤਹਿ ਕਰਕੇ ਇੱਥੇ ਪਹੁੰਚੇ ਹੋਏ ਸਨ।ਅਤੇ ਗੁਰਦਾਸ ਮਾਨ ਨੇ ਜੀਅ ਜਾਨ ਨਾਲ ਗਾ ਕੇ ਆਪਣੀ ਕਲ਼ਾ ਦਾ ਲੋਹਾ ਮਨਵਾਇਆ।ਇਸ ਗਾਇਕੀ ਦੇ ਅਖਾੜੇ ਦੀ ਸੁਰੂਆਤ ਰਸਮੀ ਗੱਲਬਾਤ ਤੋਂ ਬਾਅਦ ਵਿੱਚ ਉਨ੍ਹਾਂ ਵੱਲੋਂ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਹੋਈ।ਗੁਰਦਾਸ ਮਾਨ ਨੇ ਆਉਦੇ ਸਾਰ ਹੀ ਸਭ ਹਾਜ਼ਰੀਨ ਨੂੰ ਸਿੱਜ਼ਦਾ ਕਰਨ ਉਪਰੰਤ ਪ੍ਰਮਾਤਮਾ ਦੀ ਮਹਿਮਾ ਦਾ ਗੀਤ ਗਾਇਆ। ਇਸ ਤੋਂ ਬਾਅਦ ਹੋਈ ਸਦਾ ਬਹਾਰ ਗਾਇਕੀ ਦੇ ਅਖਾੜੇ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਤੇਰੇ ਇਸ਼ਕ ਦਾ ਗਿੱਧਾ ਪੈਦਾ, ਰੋਟੀ, ਛੱਲਾ, ਅੱਖੀਆਂ ਉਡੀਕਦੀਆਂ ਦਿਲ ਅਵਾਜ਼ਾਂ ਮਾਰਦਾ, ਆਪਣਾ ਪੰਜਾਬ ਹੋਵੇ, ਸੱਜਣਾ ਵੇ ਸੱਜਣਾ, ਦਿਲ ਦਾ ਮਾਮਲਾ, ਯਾਦ ਸਤਾਏ ਪਿੰਡ ਦੀਆਂ ਗਲੀਆਂ ਦੀ, ਮਾਮਲਾ ਗੜਬੜ ਹੈ, ਬਾਬੇ ਭੰਗੜਾ ਪਾਉਦੇ ਨੇ ਆਦਿ ਗੀਤ ਗਾਕੇ ਗੁਰਦਾਸ ਮਾਨ ਨੇ ਸਭਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਬੇ਼ਕਰਸਫੀਲਡ ਦੇ ਪ੍ਰਸਿੱਧ ਫੋਟੋਗ੍ਰਾਫਰ ਸ਼ਿਆਰਾ ਸਿੰਘ ਢੀਡਸਾ, ਓਮਨੀ ਵੀਡੀਓ ਵਾਲਿਆ ਨੇ ਸਾਰੇ ਸ਼ੋਅ ਦੀ ਵੀਡੀਓ ਅਤੇ ਫੋਟੋਗ੍ਰਾਫੀ ਕੀਤੀ। ਇਸ ਤਰ੍ਹਾਂ ਤਕਰੀਬਨ ਕੁੱਲ ਦੋ ਢਾਈ ਘੰਟੇ ਦੇ ਇਸ ਸ਼ੋਅ ਦੌਰਾਨ ਗੁਰਦਾਸ ਮਾਨ ਨੇ ਸਮੂੰਹ ਹਾਜ਼ਰੀਨ ਨੂੰ ਆਪਣੇ ਨਵੇਂ-ਪੁਰਾਣੇ ਗੀਤਾਂ ਦੁਆਰਾ ਇੱਕ ਵਾਰ ਤਾਂ ਇਉਂ ਜਾਪਿਆ ਜਿਵੇਂ ਪੰਜਾਬ ਹੀ ਪਹੁਚਾ ਦਿੱਤਾ ਹੋਵੇ।ਛੋਟੇ ਬੱਚਿਆਂ ਨੂੰ ਮਾਨ ਸਾਬ੍ਹ ਨੇ ਆਪਣੇ ਗੀਤ ਮੁੜ ਮੁੜ ਯਾਦ ਸਤਾਉਂਦੀ ਪਿੰਡ ਦੀਆਂ ਗਲੀਆਂ ਦੇ ਉਪੱਰ ਖੂਬ ਨਚਾਇਆ। ਬੇਕਰਸਫੀਲਡ ਦੀਆਂ ਮੁਟਿਆਰਾਂ ਅਤੇ ਮੁੰਡਿਆਂ ਨੇ ਗੁਰਦਾਸ ਮਾਨ ਦੇ ਗੀਤਾਂ ਦੇ ਨਾਲ ਭੰਗੜਾ ਪਾ ਕੇ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਮੌਕੇ ਸਮੂੰਹ ਸਪਾਂਸਰਾਂ ਨੂੰ ਸਟੇਜ ਤੋਂ ਟਰਾਫੀਆਂ ਵੀ ਦਿੱਤੀਆਂ ਗਈਆਂ। ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਗਾਇਕ ਬੱਬੂ ਗੁਰਪਾਲ, ਪਾਲ ਸ਼ੇਰਗਿੱਲ, ਦਨੇਸ਼ ਸ਼ਾਰਦਾ, ਸੋਨੂੰ/ ਜੀਤ, ਪਰਮਜੀਤ ਦੋਸਾਂਝ ਅਤੇ ਸੰਨੀ ਬੱਬਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਸ਼ੋਅ ਵਿੱਚ ਕਾਫੀ ਸਾਰੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਮੌਜੂਦ ਰਹੇ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤੀਆਂ ਲਈ ਖੋਲ੍ਹ 'ਤੇ ਦਰਵਾਜ਼ੇ, ਕੀਤਾ ਇਹ ਐਲਾਨ
ਇਸ ਮੌਕੇ ਗੁਰਦਾਸ ਮਾਨ ਦੇ ਸ਼ੋਅ ਦਾ ਵਿਰੋਧ ਕਰਨ ਲਈ ਦੋ ਕੁ ਦਰਜਨ ਲੋਕ ਆਪਣੇ ਹੱਥਾਂ ਵਿੱਚ ਬੈਨਰ ਫੜਕੇ ਸਟ੍ਰੀਟ ਤੇ ਮੁਜ਼ਾਹਰਾ ਕਰਦੇ ਵੀ ਨਜ਼ਰ ਆਏ। ਪਰ ਸ਼ੋਅ ਵਿੱਚ ਮੁਜ਼ਾਹਰੇ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਦੇਖਣ ਵਿੱਚ ਆਇਆ ‘ਅਤੇ ਦਰਸ਼ਕਾਂ ਦੇ ਜੋਸ਼ ਤੇ ਗੁਰਦਾਸ ਮਾਨ ਦੁਆਰਾ ਜਿਸ ਐਨਰਜੀ ਨਾਲ ਗਾਇਆ ਗਿਆ, ਇਹ ਸ਼ੋਅ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਕੇ ਨਿੱਬੜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।