ਮੁਕਤ ਵਪਾਰ ਨੂੰ ਖਤਮ ਕਰਨ ਨਾਲ ਅਮਰੀਕਾ ਨੂੰ ਹੋਵੇਗਾ ਵੱਡਾ ਨੁਕਸਾਨ : ਟਰੂਡੋ
Friday, Feb 09, 2018 - 05:23 AM (IST)

ਓਟਾਵਾ/ਸ਼ਿਕਾਗੋ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਾਫਟਾ ਡੀਲ ਨੂੰ ਖ਼ਤਮ ਕਰਨ ਦੀ ਦਿੱਤੀ ਜਾ ਰਹੀ ਧਮਕੀ ਨਾਲ ਅਮਰੀਕਾ 'ਚ ਆਰਥਿਕ ਮੁਸ਼ਕਿਲਾਂ ਵੱਧ ਜਾਣਗੀਆਂ ਅਤੇ ਇਸ ਦਾ ਸਿਆਸਤ 'ਤੇ ਵੀ ਮਾੜਾ ਅਸਰ ਪਵੇਗਾ। ਇਹ ਗੱਲ ਟਰੂਡੋ ਨੇ ਯੂਨੀਵਰਸਿਟੀ ਆਫ ਸ਼ਿਕਾਗੋ 'ਚ ਇਕ ਈਵੈਂਟ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਅਮਰੀਕੀ ਕਾਮਿਆਂ ਨੂੰ ਨੁਕਸਾਨ ਹੋਵੇਗਾ ਅਤੇ ਸਰਹੱਦਾਂ ਦੇ ਹੋਰ ਸੰਘਣਾਂ ਹੋ ਜਾਣ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ 'ਤੇ ਇਸਦਾ ਮਾੜਾ ਅਸਰ ਪਵੇਗਾ ਅਤੇ ਅਸਥਿਰਤਾ ਵੀ ਵਧੇਗੀ। ਉਨ੍ਹਾਂ ਆਖਿਆ ਕਿ ਕੈਨੇਡੀਅਨ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਨਾਫਟਾ ਡੀਲ ਮੁੱਕ ਜਾਵੇਗੀ ਕਿਉਂਕਿ ਟਰੰਪ ਵੱਲੋਂ ਕੈਨੇਡਾ, ਅਮਰੀਕਾ ਅਤੇ ਮੈਕਸਿਕੋ ਦਰਮਿਆਨ ਹੋਣ ਵਾਲੀ ਹਰ ਗੱਲਬਾਤ ਮੌਕੇ ਵਾਰੀ-ਵਾਰੀ ਇਹੋ ਧਮਕੀ ਦਿੱਤੀ ਜਾਂਦੀ ਰਹੀ ਹੈ ਕਿ ਇਸ ਡੀਲ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਯੂਨੀਵਰਸਿਟੀ ਆਫ ਸ਼ਿਕਾਗੋ ਵਿਖੇ ਇੱਕ ਸਮਾਰੋਹ ਦੌਰਾਨ ਟਰੂਡੋ ਨੇ ਆਖਿਆ ਕਿ ਸਾਡੇ ਅੱਗੇ ਚੁਣੌਤੀ ਟਰੇਡ ਡੀਲ ਬਨਾਮ ਕੋਈ ਵੀ ਟਰੇਡ ਡੀਲ ਨਾ ਹੋਣਾ ਨਹੀਂ ਹੈ। ਇਸ ਤਰ੍ਹਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਆਪਣੇ ਉਨ੍ਹਾਂ ਨਾਗਰਿਕਾਂ ਅਤੇ ਕਾਮਿਆਂ ਨੂੰ ਫਾਇਦਾ ਪਹੁੰਚਾ ਰਹੇ ਹਾਂ ਜਿਨ੍ਹਾਂ ਮੁਤਾਬਕ ਪਿਛਲੇ ਸਾਲਾਂ ਦੌਰਾਨ ਸਹੀ ਢੰਗ ਨਾਲ ਨਾ ਖਿਆਲ ਰੱਖਿਆ ਗਿਆ ਅਤੇ ਨਾ ਹੀ ਉਨ੍ਹਾਂ ਦਾ ਸਮਰਥਨ ਕੀਤਾ ਗਿਆ।
ਟਰੂਡੋ ਨੇ ਆਖਿਆ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਮੁਕਤ ਵਪਾਰ ਸਮਝੌਤਾ ਖਤਮ ਕਰਨ ਨਾਲ ਨਾ ਸਿਰਫ ਅਮਰੀਕਾ ਨੂੰ ਹੀ ਨੁਕਸਾਨ ਹੋਵੇਗਾ ਸਗੋਂ ਅਮਰੀਕਾ ਦੇ ਮੱਧ ਵਰਗ ਲਈ ਭਵਿੱਖੀ ਮੌਕਿਆਂ ਨੂੰ ਵੀ ਨੁਕਸਾਨ ਹੋਵੇਗਾ।
ਟਰੂਡੋ ਨੇ ਕਿਹਾ ਕਿ ਮੁਕਤ ਵਪਾਰ ਸਬੰਧੀ ਕੇਸ ਚੰਗੀ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ, ਜਿਸ ਕਾਰਨ ਵਿਦਿਆਰਥੀਆਂ ਅਤੇ ਅਮਰੀਕੀਆਂ ਨੂੰ ਆਰਥਿਕ ਚਿੰਤਾ ਵੱਢ-ਵੱਢ ਖਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਗਲੋਬਲਿਜ਼ਮ ਨੂੰ ਲੈ ਕੇ ਸ਼ਿਕਾਇਤਾਂ ਨੂੰ ਘੱਟ ਕਰਨ ਦਾ ਇਹੋ ਨੁਸਖਾ ਹੈ ਕਿ ਸਾਰਿਆਂ ਨੂੰ ਇਹ ਯਕੀਨ ਦਿਵਾਇਆ ਜਾਵੇ ਕਿ ਟਰੇਡ ਨਾਲ ਜੁੜੇ ਨਿਯਮਾਂ ਤੇ ਨੀਤੀਆਂ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ।