ਬਲੀਚਿੰਗ ਕਾਰਨ ਤਬਾਹ ਹੋਣ ਦੇ ਕੰਢੇ ਪਹੁੰਚੀ ਆਸਟਰੇਲੀਆ ਦੀ ਗ੍ਰੇਟ ਬੈਰੀਅਰ ਰੀਫ

04/11/2017 5:06:19 PM

ਕੈਨਬਰਾ— ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ''ਚ ਸ਼ਾਮਲ ਦੁਨੀਆ ਦੀ ਸਭ ਤੋਂ ਵੱਡੀ ਮੂੰਗੇ ਦੀ ਚੱਟਾਨ ਗ੍ਰੇਟ ਬੈਰੀਅਰ ਰੀਫ ਨੂੰ ਬਲੀਚਿੰਗ ਕਾਰਨ ਕਾਫੀ ਨੁਕਸਾਨ ਪਹੁੰਚਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਸਟਰੇਲੀਆ ''ਚ ਇਸ ਮੂੰਗੇ ਦੀ ਚੱਟਾਨ ਦਾ ਕਰੀਬ 1,500 ਕਿਲੋਮੀਟਰ ਇਲਾਕਾ ਭਾਵ ਕਿ ਦੋ ਤਿਹਾਈ ਹਿੱਸਾ ਨੁਕਸਾਨਗ੍ਰਸਤ ਹੋ ਗਿਆ ਹੈ। ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਸਾਲ ਬਲੀਚਿੰਗ ਦੀ ਘਟਨਾ ਨੇ ਇਸ ਖੇਤਰ ਨੂੰ ਤਬਾਹੀ ਦੇ ਕੰਢੇ ''ਤੇ ਪਹੁੰਚਾ ਦਿੱਤਾ ਹੈ। 
ਆਸਟਰੇਲੀਆ ਦੀ ਜੇਮਸ ਕੁੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਟੈਰੀ ਹਿਊਗਸ ਨੇ ਦੱਸਿਆ ਕਿ ਹੁਣ ਸਿਰਫ਼ ਦੱਖਣ ਦਾ ਇੱਕ ਤਿਹਾਈ ਹਿੱਸਾ ਬਲੀਚਿੰਗ ਤੋਂ ਸੁਰੱਖਿਅਤ ਹੈ। ਸਾਲ 2016 ''ਚ ਤਾਪਮਾਨ ''ਚ ਵਾਧੇ ਅਤੇ ਅਲ ਨੀਨੋ ਪ੍ਰਭਾਵ ਦੇ ਕਾਰਨ ਉੱਤਰ ਦਾ ਇੱਕ ਤਿਹਾਈ ਹਿੱਸਾ ਪ੍ਰਭਾਵਿਤ ਹੋਇਆ ਸੀ। ਉਸ ਤੋਂ ਬਾਅਦ ਇੱਕ ਸਾਲ ਤੋਂ ਘੱਟ ਸਮੇਂ ਹੀ ਮੱਧ ਦਾ ਤਿਹਾਈ ਹਿੱਸਾ ਇਸ ਦੀ ਲਪੇਟ ''ਚ ਆ ਗਿਆ ਹੈ। ਟੈਰੀ ਨੇ ਦੱਸਿਆ ਕਿ ਇਸ ਸਾਲ ਅਲ ਨੀਨੋ ਦੇ ਬਿਨਾਂ ਹੀ ਵਿਸ਼ਾਲ ਬਲੀਚਿੰਗ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨੀਂ ਆਸਟਰੇਲੀਆ ''ਚ ਆਏ ਭਿਆਨਕ ਚੱਕਰਵਾਤੀ ਤੂਫਾਨ ''ਡੇਬੀ'' ਨੇ ਗ੍ਰੇਟ ਬੈਰੀਅਰ ਰੀਫ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਹੈ। ਤਾਪਮਾਨ ''ਚ ਵਾਧੇ ਕਾਰਨ ਪਾਣੀ ਗਰਮ ਹੋਣ ''ਤੇ ਬਲੀਚਿੰਗ ਦੀ ਘਟਨਾ ਵਾਪਰਦੀ ਹੈ। ਇਸ ''ਚ ਮੂੰਗਾ ਸ਼ੈਵਾਲ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ। ਇਸ ਦੇ ਕਾਰਨ ਉਹ ਸਖ਼ਤ ਅਤੇ ਚਿੱਟੇ ਰੰਗ ਦਾ ਹੋ ਜਾਂਦਾ ਹੈ। ਇਨ੍ਹਾਂ ਹਾਲਾਤਾਂ ''ਚ ਉਸ ਦਾ ਨਾਸ਼ ਸ਼ੁਰੂ ਹੋ ਜਾਂਦਾ ਹੈ। ਹਲਕਾ ਨੁਕਸਾਨ ਹੋਣ ''ਤੇ ਤਾਪਮਾਨ ''ਚ ਗਿਰਾਵਟ ਹੁੰਦਿਆਂ ਹੀ ਮੂੰਗਾ ਠੀਕ ਹਾਲਤ ''ਚ ਆ ਜਾਂਦਾ ਹੈ ਪਰ ਵਿਸ਼ਾਲ ਬਲੀਚਿੰਗ ਹੋਣ ''ਤੇ ਇਸ ਦਾ ਮੂਲ ਹਾਲਤ ''ਚ ਵਾਪਸ ਪਰਤਣਾ ਮੁਸ਼ਕਲ ਹੋ ਜਾਂਦਾ ਹੈ।

Related News