ਕੈਨੇਡਾ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪੇਰੂ ਯਾਤਰਾ ਨਾ ਕਰਨ ਦੀ ਦਿੱਤੀ ਚਿਤਾਵਨੀ

Friday, Apr 27, 2018 - 02:24 AM (IST)

ਕੈਨੇਡਾ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪੇਰੂ ਯਾਤਰਾ ਨਾ ਕਰਨ ਦੀ ਦਿੱਤੀ ਚਿਤਾਵਨੀ

ਟੋਰਾਂਟੋ— ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪੇਰੂ ਯਾਤਰਾ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਕਿ ਜੇਕਰ ਕੋਈ ਪੇਰੂ ਜਾਂਦਾ ਵੀ ਹੈ ਤਾਂ ਉਸ ਨੂੰ ਆਪਣੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਪੇਰੂ 'ਚ ਹੋਣ ਵਾਲੇ ਅਪਰਾਧਿਕ ਘਟਨਾਵਾਂ 'ਚ ਕੋਈ ਵੀ ਇਨ੍ਹਾਂ ਦਾ ਸ਼ਿਕਾਰ ਹੋ ਸਕਦਾ ਹੈ।
ਸਰਕਾਰ ਨੇ ਇਹ ਚਿਤਾਵਨੀ 41 ਸਾਲਾਂ ਸਬੈਸਟੀਅਨ ਪਾਲ ਵੁਡਰੋਫ ਦੀ ਮੌਤ ਤੋਂ ਬਾਅਦ ਜਾਰੀ ਕੀਤੀ, ਜੋ ਕਿ ਵੈਨਕੂਵਰ ਆਇਲੈਂਡ ਦਾ ਰਹਿਣ ਵਾਲਾ ਸੀ ਤੇ ਉਹ ਪਿਛਲੇ ਹਫਤੇ ਪੇਰੂ ਦੇ ਐਮਾਜ਼ਾਨ 'ਚ ਹੈਲੁਸਿਨੋਜਿਕ ਦਵਾਈ ਦੇ ਅਧਿਐਨ ਲਈ ਗਿਆ ਸੀ। ਸਬੈਸਟੀਅਨ ਪੇਰੂ 'ਚ 81 ਸਾਲਾਂ ਓਲੀਵੀਆ ਅਰਵੇਲੋ ਨਾਲ ਮਿਲ ਕੇ ਦਵਾਈ 'ਤੇ ਅਧਿਐਨ ਕਰ ਰਿਹਾ ਸੀ। ਪੇਰੂ ਦੇ ਐਮਾਜ਼ਾਨ 'ਚ ਬੀਤੇ ਹਫਤੇ ਇਕ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ 'ਚ ਓਲੀਵੀਆ ਦੀ ਮੌਤ ਹੋ ਗਈ ਸੀ। ਉਸੇ ਦਿਨ ਸਬੈਸਟੀਅਨ ਪਾਲ ਵੁਡਰੋਫ ਦੀ ਵੀ ਲਾਸ਼ ਬਰਾਮਦ ਕੀਤੀ ਗਈ ਸੀ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸ 'ਤੇ ਭੀੜ੍ਹ ਨੇ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਸੀ।
ਪੇਰੂ ਦੇ ਐਮਾਜ਼ਾਨ ਦੀ ਪੁਲਸ ਇਸ ਦੋਹਰੇ ਕਤਲਕਾਂਡ ਦੀ ਜਾਂਚ ਕਰ ਰਹੀ ਹੈ। ਘਟਨਾ ਤੇ ਅਪਰਾਧਿਕ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡੀਅਨ ਸਰਕਾਰ ਨੇ ਆਪਣੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਤਾਂ ਜੋ ਉਹ ਪੇਰੂ 'ਚ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਸਕਣ।


Related News