ਸਰਕਾਰ ਦੀ female students ਨੂੰ ਪੇਸ਼ਕਸ਼, ਬੱਚੇ ਪੈਦਾ ਕਰੋ ਤੇ ਪਾਓ 1 ਲੱਖ
Thursday, Jan 09, 2025 - 02:01 PM (IST)
ਮਾਸਕੋ- ਮੌਜੂਦਾ ਸਮੇਂ ਜ਼ਿਆਦਾਤਰ ਦੇਸ਼ ਘਟਦੀ ਜਨਮ ਦਰ ਨਾਲ ਜੂਝ ਰਹੇ ਹਨ। ਇਸ ਲਈ ਉਹ ਵੱਖ-ਵੱਖ ਉਪਾਵਾਂ ਰਾਹੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿਚ ਰੂਸ ਦੇ ਕਰੇਲੀਆ ਵਿੱਚ 25 ਸਾਲ ਤੋਂ ਘੱਟ ਉਮਰ ਦੀਆਂ ਵਿਦਿਆਰਥਣਾਂ ਨੂੰ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਣ ਲਈ 100,000 ਰੂਬਲ (ਲਗਭਗ 81,000 ਰੁਪਏ) ਦੀ ਪੇਸ਼ਕਸ਼ ਕੀਤੀ ਗਈ ਹੈ। ਮਾਸਕੋ ਟਾਈਮਜ਼ ਦੀ ਰਿਪੋਰਟ ਅਨੁਸਾਰ ਇਹ ਨੀਤੀ ਦੇਸ਼ ਦੀ ਡਿੱਗਦੀ ਜਨਮ ਦਰ ਨੂੰ ਸੁਧਾਰਨ ਲਈ ਲਾਗੂ ਕੀਤੀ ਗਈ ਹੈ। ਇਹ ਸਕੀਮ 1 ਜਨਵਰੀ ਤੋਂ ਲਾਗੂ ਹੈ। ਇਸ ਲਈ ਸਿਰਫ਼ ਉਹੀ ਔਰਤਾਂ ਯੋਗ ਹੋਣਗੀਆਂ ਜੋ ਸਥਾਨਕ ਯੂਨੀਵਰਸਿਟੀ ਜਾਂ ਕਾਲਜ ਵਿੱਚ ਨਿਯਮਤ ਵਿਦਿਆਰਥਣਾਂ ਹਨ, 25 ਸਾਲ ਤੋਂ ਘੱਟ ਉਮਰ ਦੀਆਂ ਹਨ ਅਤੇ ਕਰੇਲੀਆ ਦੀਆਂ ਵਸਨੀਕ ਹਨ।
ਖੇਤਰੀ ਕਾਨੂੰਨ ਅਨੁਸਾਰ ਇਹ ਯੋਜਨਾ ਉਨ੍ਹਾਂ ਮਾਵਾਂ 'ਤੇ ਲਾਗੂ ਨਹੀਂ ਹੋਵੇਗੀ ਜੋ ਮਰੇ ਹੋਏ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਹਾਲਾਂਕਿ ਇਸ ਵਿੱਚ ਇਹ ਜ਼ਿਕਰ ਨਹੀਂ ਹੈ ਕਿ ਜੇਕਰ ਬੱਚੇ ਦੀ ਜਨਮ ਤੋਂ ਬਾਅਦ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਭੁਗਤਾਨ ਦੀ ਸਥਿਤੀ ਕੀ ਹੋਵੇਗੀ। ਇਸੇ ਤਰ੍ਹਾਂ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਜੇਕਰ ਬੱਚਾ ਦਿਵਿਆਂਦ ਪੈਦਾ ਹੁੰਦਾ ਹੈ ਤਾਂ ਮਾਂ ਇਸ ਭੁਗਤਾਨ ਲਈ ਯੋਗ ਹੋਵੇਗੀ ਜਾਂ ਨਹੀਂ। ਇਸ ਤੋਂ ਇਲਾਵਾ ਪਾਲਿਸੀ ਵਿੱਚ ਬੱਚੇ ਦੀ ਦੇਖਭਾਲ ਅਤੇ ਜਣੇਪੇ ਤੋਂ ਬਾਅਦ ਦੇ ਸਿਹਤ ਖਰਚਿਆਂ ਦਾ ਸਮਰਥਨ ਕਰਨ ਲਈ ਵਾਧੂ ਵਿੱਤੀ ਸਹਾਇਤਾ ਦਾ ਕੋਈ ਜ਼ਿਕਰ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 1 ਕਰੋੜ ਦੇ ਲਾਲਚ 'ਚ ਤਿੰਨ ਬੱਚਿਆਂ ਦੇ ਪਿਓ ਨੇ ਜੋ ਕੀਤਾ ਜਾਣ ਉੱਡ ਜਾਣਗੇ ਹੋਸ਼
ਅਜਿਹੀ ਪ੍ਰਣਾਲੀ ਰੂਸ ਦੇ ਕਈ ਹੋਰ ਖੇਤਰਾਂ ਵਿੱਚ ਲਾਗੂ
ਕਰੇਲੀਆ ਅਜਿਹਾ ਕਰਨ ਵਾਲਾ ਇਕੱਲਾ ਖੇਤਰ ਨਹੀਂ ਹੈ। ਰੂਸ ਵਿੱਚ ਘੱਟੋ-ਘੱਟ 11 ਹੋਰ ਖੇਤਰੀ ਸਰਕਾਰਾਂ ਵੀ ਬੱਚੇ ਪੈਦਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰੋਤਸਾਹਨ ਰਾਸ਼ੀ ਦਿੰਦੀਆਂ ਹਨ। ਹਾਲਾਂਕਿ, ਮਾਹਿਰਾਂ ਨੇ ਇਸ ਕਦਮ ਨੂੰ ਨਾਕਾਫ਼ੀ ਅਤੇ ਦੂਰਦਰਸ਼ੀ ਦੀ ਘਾਟ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਆਂ ਮਾਵਾਂ ਲਈ ਬਿਹਤਰ ਸੁਰੱਖਿਆ ਅਤੇ ਆਦਰਸ਼ ਆਰਥਿਕ ਸਥਿਤੀਆਂ ਦੀ ਅਣਹੋਂਦ ਵਿੱਚ ਇਹ ਯੋਜਨਾ ਪ੍ਰਭਾਵਸ਼ਾਲੀ ਨਹੀਂ ਹੋਵੇਗੀ।
ਦੇਸ਼ ਵਿੱਚ ਡਿੱਗ ਰਹੀ ਜਨਮ ਦਰ
ਰੂਸ ਵਿੱਚ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਸਿਰਫ਼ 5,99,600 ਬੱਚੇ ਪੈਦਾ ਹੋਏ, ਜੋ ਕਿ ਪਿਛਲੇ 25 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਹ ਅੰਕੜਾ 2023 ਦੀ ਇਸੇ ਮਿਆਦ ਨਾਲੋਂ 16,000 ਘੱਟ ਹੈ। ਜੂਨ ਦੇ ਮਹੀਨੇ ਵਿੱਚ ਜਨਮ ਦਰ ਇਤਿਹਾਸਕ ਤੌਰ 'ਤੇ 100,000 ਤੋਂ ਹੇਠਾਂ ਆ ਗਈ। ਫਾਰਚੂਨ ਦੀ ਇੱਕ ਰਿਪੋਰਟ ਅਨੁਸਾਰ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜੁਲਾਈ ਵਿੱਚ ਕਿਹਾ ਸੀ ਕਿ ਇਹ ਦੇਸ਼ ਦੇ ਭਵਿੱਖ ਲਈ ਵਿਨਾਸ਼ਕਾਰੀ ਸੀ। ਰੂਸ ਦੀ ਆਬਾਦੀ, ਜੋ 1990 ਦੇ ਦਹਾਕੇ ਦੇ ਸ਼ੁਰੂ ਵਿੱਚ 148 ਮਿਲੀਅਨ ਸੀ, ਹੁਣ ਘੱਟ ਕੇ ਲਗਭਗ 146 ਮਿਲੀਅਨ ਰਹਿ ਗਈ ਹੈ। ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ ਸਾਲ 2100 ਤੱਕ 74 ਮਿਲੀਅਨ ਤੋਂ 112 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ। ਅਜਿਹੇ ਥੋੜ੍ਹੇ ਸਮੇਂ ਦੇ ਉਪਾਅ ਜਨਮ ਦਰ ਨੂੰ ਵਧਾਉਣ ਲਈ ਕਾਫ਼ੀ ਨਹੀਂ ਹੋ ਸਕਦੇ, ਪਰ ਇਹ ਰੂਸ ਦੇ ਗੰਭੀਰ ਆਬਾਦੀ ਸੰਕਟ ਵੱਲ ਧਿਆਨ ਜ਼ਰੂਰ ਖਿੱਚਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।