ਪੂਰਬੀ ਤੁਰਕੀਸਤਾਨ ਸਰਕਾਰ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
Sunday, Aug 16, 2020 - 05:31 PM (IST)
ਵਾਸ਼ਿੰਗਟਨ : ਪੂਰਬੀ ਤੁਰਕੀਸਤਾਨ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸਲੀਹ ਹੁਦਯਰ (Salih Hudayar) ਨੇ 74ਵੇਂ ਆਜ਼ਾਦੀ ਦਿਵਸ ਦੀਆਂ ਭਾਰਤ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਭਾਰਤੀਆਂ ਨੂੰ ਆਜ਼ਾਦੀ ਦੀ ਰੱਖਿਆ ਅਤੇ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰਬੀ ਤੁਰਕੀਸਤਾਨ ਵਿਚ ਦਹਾਕਿਆਂ ਤੋਂ ਚੀਨੀ ਕਬਜ਼ੇ ਅਤੇ ਨਸਲਕੁਸ਼ੀ ਨੇ ਸਾਨੂੰ ਸਿਖਾਇਆ ਹੈ ਕਿ ਆਜ਼ਾਦੀ ਦੇ ਬਿਨਾਂ ਸਾਡੇ ਬੁਨਿਆਦੀ ਮਨੁੱਖੀ ਅਧਿਕਾਰਾਂ, ਆਜ਼ਾਦੀ ਅਤੇ ਸਾਡੀ ਹੋਂਦ ਨੂੰ ਯਕੀਨੀ ਕਰਨ ਦਾ ਕੋਈ ਤਰੀਕਾ ਨਹੀਂ ਹੈ।
ਪ੍ਰਧਾਨ ਮੰਤਰੀ ਹੁਦਯਰ ਨੇ ਇਕ ਬਿਆਨ ਵਿਚ ਕਿਹਾ, 'ਤੁਰਕੀਸਤਾਨ ਦੇ ਲੋਕਾਂ ਵੱਲੋਂ, ਅਸੀਂ ਭਾਰਤ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਹਾਂ।' ਉਨ੍ਹਾਂ ਅੱਗੇ ਕਿਹਾ ਕਿ ਕਈ ਲੋਕ ਪੁੱਛ ਸਕਦੇ ਹਨ ਆਜ਼ਾਦੀ ਇੰਨੀ ਮਹੱਤਵਪੂਰਨ ਕਿਉਂ ਹੈ। ਆਜ਼ਾਦੀ ਦਾ ਅਰਥ ਹੈ ਦੂਜਿਆਂ ਦੇ ਕੰਟਰੋਲ, ਪ੍ਰਭਾਵ ਅਤੇ ਜ਼ੁਲਮਾਂ ਤੋਂ ਆਜ਼ਾਦੀ। ਇਕ ਆਜ਼ਾਦ ਰਾਸ਼ਟਰ ਕੋਲ ਆਜ਼ਾਦ ਰੂਪ ਨਾਲ ਚੋਣ ਕਰਨ, ਸ਼ਾਸਨ ਕਰਨ ਅਤੇ ਆਪਣੇ ਕਾਨੂੰਨ ਅਤੇ ਫੈਸਲੇ ਲੈਣ ਦੀ ਸ਼ਕਤੀ ਹੈ। ਇਕ ਦੇਸ਼ ਅਤੇ ਉਸ ਦੇ ਲੋਕਾਂ ਲਈ ਲਈ ਵਿਕਾਸ ਅਤੇ ਖੁਸ਼ਹਾਲੀ ਲਈ ਆਜ਼ਾਦੀ ਹੋਣਾ ਬੇਹੱਦ ਜ਼ਰੂਰੀ ਹੈ।
ਪੂਰਬੀ ਤੁਰਕੀਸਤਾਨ ਨੇ ਦਸੰਬਰ 1949 ਵਿਚ ਚੀਨੀ ਹਮਲੇ ਦੇ ਨਤੀਜੇ ਵਜੋਂ ਆਪਣੀ ਆਜ਼ਾਦੀ ਗੁਆ ਦਿੱਤੀ ਸੀ ਅਤੇ ਪਿਛਲੇ 70 ਸਾਲਾਂ ਤੋਂ ਸਾਡਾ ਦੇਸ਼ ਅਤੇ ਸਾਡੇ ਲੋਕ ਬਸਤੀਵਾਦ, ਚੀਨੀ ਕਬਜ਼ੇ ਅਤੇ ਨਸਲਕੁਸ਼ੀ ਦੇ ਅਧੀਨ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰੇ ਭਾਰਤੀਆਂ ਨੂੰ ਭਾਰਤ ਦੀ ਆਜ਼ਾਦੀ ਦੀ ਰੱਖਿਆ ਅਤੇ ਸਨਮਾਨ ਕਰਨ ਦੀ ਅਪੀਲ ਕਰਦਾ ਹਾਂ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਆਜ਼ਾਦੀ ਜਾਣ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ, ਜਿਸ ਨਾਲ ਰਾਸ਼ਟਰ ਦਾ ਵਿਨਾਸ਼ ਹੋਵੇਗਾ।