ਨਿਊ ਸਾਊਥ ਵੇਲਜ਼ ਸਰਕਾਰ ਨੇ ਸਕੂਲਾਂ 'ਚ ਕਿਰਪਾਨ ਪਾਉਣ ਸਬੰਧੀ ਨਵੀਂ ਨੀਤੀ ਕੀਤੀ ਜਾਰੀ
Tuesday, Aug 17, 2021 - 03:47 PM (IST)
ਪਰਥ (ਜਤਿੰਦਰ ਗਰੇਵਾਲ)- ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੇਲ ਵੱਲੋਂ ਇਕ ਮੀਡੀਆ ਰਿਲੀਜ਼ ਰਾਹੀਂ ਸਕੂਲਾਂ ਵਿਚ ਕਿਰਪਾਨ ਬਾਰੇ ਨਵੀਂ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪਬਲਿਕ ਸਕੂਲਾਂ ਵਿਚ ਹੁਣ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਅਧੀਨ ਮੁੜ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਗਈ। ਇਸ ਨੀਤੀ ਬਾਰੇ ਫ਼ੈਸਲਾ ਡਿਪਾਰਟਮੈਂਟ ਓਫ ਐਜੂਕੇਸ਼ਨ (ਡੀ. ਓ. ਈ.), ਐੱਨ. ਐੱਸ. ਡਬਲਯੂ. ਗੁਰਦੁਆਰਾ ਵਰਕਿੰਗ ਗਰੁੱਪ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਅਤੇ ਹੋਰ ਸਰਕਾਰੀ ਤੇ ਸਮਾਜਕ ਸੰਗਠਨਾਂ ਦੇ ਵਿਚਕਾਰ ਨਿਰੰਤਰ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ। ਸੂਬੇ ਦੇ ਸਕੂਲਾਂ 'ਚ ਕਿਰਪਾਨ ਦੇ ਆਕਾਰ, ਵਰਤੋਂ, ਲੰਬਾਈ 'ਤੇ ਸ਼ਰਤਾਂ ਦੀ ਨਵੀਂ ਨੀਤੀ 4 ਅਕਤੂਬਰ 2021 ਨੂੰ ਸਕੂਲ ਦੇ ਅਗਲੇ ਕਾਰਜਕਾਲ ਦੇ ਸ਼ੁਰੂ ਤੋਂ ਲਾਗੂ ਹੋਵੇਗੀ। ਇਹ ਨੀਤੀ ਸਿਰਫ਼ ਸਕੂਲੀ ਵਿਦਿਆਰਥੀਆਂ 'ਤੇ ਲਾਗੂ ਹੈ, ਜਦੋਂ ਕਿ ਸਕੂਲ ਸਟਾਫ਼, ਮਾਪੇ ਅਤੇ ਦੇਖ਼ਭਾਲ ਕਰਨ ਵਾਲਿਆਂ ਨੂੰ ਨਵੇਂ-ਨਿਰਦੇਸ਼ਾਂ ਤਹਿਤ ਛੋਟ ਦਿੱਤੀ ਗਈ ਹੈ ।
ਇਹ ਵੀ ਪੜ੍ਹੋ: ਤਾਲਿਬਾਨ ਵਲੋਂ ਅਫਗਾਨਿਸਤਾਨ 'ਚ ਤਖ਼ਤਾ ਪਲਟ, ਪਾਕਿਸਤਾਨ ਮੀਡੀਆ 'ਚ ਖੁਸ਼ੀ ਦੀ ਲਹਿਰ
ਐੱਸ. ਬੀ. ਐੱਸ. ਪੰਜਾਬੀ ਨਾਲ ਗੱਲ ਕਰਦਿਆਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਪਰਸਨ ਰਵਿੰਦਰਜੀਤ ਸਿੰਘ ਨੇ ਨਵੀਂ ਨੀਤੀ ਬਾਰੇ ਇਹ ਵੇਰਵੇ ਸਾਂਝੇ ਕੀਤੇ ਹਨ। ਕਿਰਪਾਨ ਛੋਟੀ ਹੋਵੇਗੀ ਭਾਵ 8.5 ਸੈ.ਮੀ. ਜਾਂ ਘੱਟ ਬਲੇਡ ਦੀ ਲੰਬਾਈ, ਅਤੇ ਬਲੇਡ ਅਤੇ ਹੱਥਾ ਜੋੜ ਕੇ 16.5 ਸੈ.ਮੀ. ਜਾਂ ਛੋਟੀ ਹੋਵੇਗੀ। ਕਿਰਪਾਨ ਤਿੱਖੀ ਨਹੀਂ ਹੋ ਸਕਦੀ (ਖੁੰਢੀ), ਬੱਝਵੀਂ ਹੋਵੇਗੀ ਅਤੇ ਕੱਪੜਿਆਂ ਦੇ ਹੇਠਾਂ ਤੋਂ ਪਹਿਨੀ ਜਾਵੇਗੀ, ਦੂਸਰਿਆਂ ਨੂੰ ਦਿਖ਼ਾਈ ਨਹੀਂ ਦਿੱਤੀ ਜਾਣੀ ਚਾਹੀਦੀ। ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ, ਜਾਂ ਸਰੀਰ ਦੇ ਨਾਲ ਸਾਂਭੀ ਜਾਵੇਗੀ। ਨੋਟ - ਸਰੀਰ ਨਾਲ ਸਾਂਭਣ ਦਾ ਮਤਲਬ ਹੈ ਕਿ ਕਿਸੇ ਮੋਟੇ ਕੱਪੜੇ ਵਿਚ ਜਾਂ ਹੋਰ ਖੇਡਣ ਵਾਲੀ ਬੈਲਟ ਨਾਲ ਲੱਕ ਨਾਲ ਲਪੇਟੀ ਜਾਵੇਗੀ ਤਾਂ ਕਿ ਪਹਿਨਣ ਵਾਲੇ ਜਾਂ ਦੂਜੇ ਨੂੰ ਕਿਸੇ ਪ੍ਰਕਾਰ ਦੀ ਕੋਈ ਸੱਟ ਨਾ ਲੱਗੇ। ਅੰਮ੍ਰਿਤਧਾਰੀ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਲੋੜ ਪੈਣ 'ਤੇ ਉਹ ਸੁਚੱਜੇ ਤਰੀਕੇ ਨਾਲ ਸਾਬਿਤ ਕਰੇ ਕਿ ਉਸ ਨੂੰ ਇਹਨਾਂ ਨਿਰਦੇਸ਼ਾਂ ਦਾ ਗਿਆਨ ਹੈ ਅਤੇ ਉਹ ਇਨ੍ਹਾਂ 'ਤੇ ਅਮਲ ਕਰਦਾ ਹੈ।
ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਦੇਸ਼ ਛੱਡ ਦੌੜੇ ਅਫਗਾਨ ਰਾਸ਼ਟਰਪਤੀ ਗਨੀ, ਰਨਵੇ ’ਤੇ ਛੱਡ ਗਏ ਵਾਧੂ ਨੋਟ
ਆਸਟ੍ਰੇਲੀਆ ਬਹੁ-ਸਭਿਆਚਾਰਕ ਦੇਸ਼ ਹੋਣ ਕਾਰਨ ਦੇਸ਼ ਦੀ ਸਿੱਖਿਆ ਪ੍ਰਣਾਲੀ ਹਰ ਸੱਭਿਆਚਾਰ ਤੇ ਧਰਮ ਨਾਲ ਇੱਕਸਮਾਨ ਵਤੀਰਾ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਵਿਚ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਸਕੂਲ ਵਿਚ ਕਿਰਪਾਨ ਰੱਖਣ ਦੀ ਪੂਰੀ ਆਗਿਆ ਹੈ। ਕੁਈਨਜ਼ਲੈਂਡ ਦਾ ਹਥਿਆਰ ਐਕਟ ਸਿੱਖਾਂ ਨੂੰ ਆਪਣੇ ਕੱਪੜਿਆਂ ਹੇਠ ਜਨਤਕ ਥਾਵਾਂ 'ਤੇ ਕਿਰਪਾਨ ਰੱਖਣ ਦੀ ਆਗਿਆ ਦਿੰਦਾ ਹੈ ਪਰ ਇਹ ਛੋਟ ਸਕੂਲਾਂ 'ਤੇ ਲਾਗੂ ਨਹੀਂ ਹੁੰਦੀ। ਤਸਮਾਨੀਆ ਅਤੇ ਦੱਖਣੀ ਆਸਟ੍ਰੇਲੀਆ ਵਿਚ ਅਮ੍ਰਿਤਧਾਰੀ ਸਿੱਖਾਂ ਵੱਲੋਂ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕਰਨਾ ਜਾਇਜ਼ ਹੈ, ਪਰ ਸਕੂਲ ਵਿਚ ਕਿਰਪਾਨ ਰੱਖਣ ਦਾ ਕੇਸ-ਦਰ-ਕੇਸ ਅਧਾਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ। ਸਿੱਖ ਧਰਮ ਆਸਟ੍ਰੇਲੀਆ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਤੇ ਅਮ੍ਰਿਤਧਾਰੀ ਸਿੱਖਾਂ ਨੂੰ ਹਰ ਸਮੇਂ ਕਿਰਪਾਨ ਧਾਰਨ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ: ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।