20 ਸਾਲ ਦਾ ਹੋਇਆ ਗੂਗਲ, ਬਣਾਇਆ ਸ਼ਾਨਦਾਰ ਡੂਡਲ
Thursday, Sep 27, 2018 - 10:53 AM (IST)

ਗੈਜੇਟ ਡੈਸਕ– ਗੂਗਲ ਅੱਜ ਯਾਨੀ 27 ਸਤੰਬਰ ਨੂੰ ਆਪਣਾ 20ਵਾਂ ਜਨਮਦਿਨ ਮਨਾ ਰਿਹਾ ਹੈ, ਹਾਲਾਂਕਿ ਗੂਗਲ 4 ਸਤੰਬਰ ਨੂੰ ਲਾਂਚ ਹੋਇਆ ਸੀ। ਗੂਗਲ ਦੇ ਜਨਮਦਿਨ ਦੇ ਖਾਸ ਮੌਕੇ ’ਤੇ ਕੰਪਨੀ ਹਰ ਸਾਲ ਇਕ ਖਾਸ ਡੂਡਲ ਬਣਾਉਂਦੀ ਹੈ ਅਤੇ ਇਸ ਵਾਰ ਵੀ ਕੰਪਨੀ ਨੇ ਇਕ ਵੀਡੀਓ ਡੂਡਲ ਬਣਾਇਆ ਹੈ ਜੋ ਵਾਕਈ ਸ਼ਾਨਦਾਰ ਹੈ। ਡੂਡਲ ’ਤੇ ਕਲਿੱਕ ਕਰਨ ’ਤੇ ਤੁਹਾਨੂੰ 1 ਮਿੰਟ 37 ਸੈਕਿੰਡ ਦੀ ਇਕ ਵੀਡੀਓ ਮਿਲੇਗੀ। ਇਸ ਵੀਡੀਓ ’ਚ ਤੁਹਾਨੂੰ ਗੂਗਲ ਦੇ ਪਿਛਲੇ 20 ਸਾਲਾਂ ਦੌਰਾਨ ਬਣਾਏ ਗਏ ਡੂਡਲਸ ਦਾ ਇਕ ਭੰਡਾਰ ਮਿਲੇਗਾ। ਇਸ ਰਾਹੀਂ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ।
20 ਸਾਲ ਪਹਿਲਾਂ 1998 ’ਚ ਸਟੇਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ. ਸਟੂਡੈਂਟਸ Larry Page ਅਤੇ Sergey Brin ਨੇ ਇਕ ਨਵੇਂ ਸਰਚ ਇੰਜਣ ਨੂੰ ਲਾਂਚ ਕੀਤਾ ਸੀ। ਇਸ ਸਰਚ ਦਾ ਮਕਸਦ ਦੁਨੀਆ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਲੋਕਾਂ ਤਕ ਪਹੁੰਚਾਉਣਾ ਸੀ।
ਅੱਜ ਇਹ ਦੁਨੀਆਦਾ ਸਭ ਤੋਂ ਵੱਡਾ ਸਰਚ ਇੰਜਣ ਹੈ ਅਤੇ ਇਹ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਗੂਗਲ ਦਾ ਸਰਚ ਇੰਜਣ 190 ਤੋਂ ਜ਼ਿਆਦਾ ਦੇਸ਼ਾਂ ’ਚ ਉਪਲੱਬਧ ਹੈ ਅਤੇ ਇਹ 150 ਤੋਂ ਜ਼ਿਆਦਾ ਭਾਸ਼ਾਵਾਂ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਗੂਗਲ ਨੂੰ Larry Page ਅਤੇ Sergey Brin ਨੇ ਸ਼ੁਰੂ ਕੀਤਾ ਸੀ। ਇਨ੍ਹਾਂ ਦੋਵਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਰਿਸਰਚ ਪ੍ਰਾਜੈੱਕਟ ਤਹਿਤ ਸ਼ੁਰੂ ਕੀਤਾ ਸੀ।
ਗੂਗਲ ਲਗਾਤਾਰ ਆਏ ਦਿਨ ਆਪਣੇ ਸਰਚ ਇੰਜਣ ’ਚ ਨਵੀਆਂ-ਨਵੀਆਂ ਚੀਜ਼ਾਂ ਅਪਡੇਟ ਕਰਦਾ ਰਹਿੰਦਾ ਹੈ। ਅੱਜ ਇਹ ਕਿਸੇ ਵੀ ਜਾਣਕਾਰੀ ਨੂੰ ਜਾਣਨ ਲਈ ਸਭ ਤੋਂ ਵੱਡਾ ਜ਼ਰੀਆ ਬਣ ਗਿਆ ਹੈ।