ਗੂਗਲ ਦੇ ਕੋ-ਫਾਊਂਡਰ ਦਾ ਅਜੀਬ ਫੈਸਲਾ, ਗੁੱਸੇ ''ਚ ਦਾਨ ਕਰ''ਤੇ ਇੰਨੇ ਕਰੋੜ ਰੁਪਏ
Saturday, May 23, 2026 - 05:46 PM (IST)
ਗੈਜੇਟ ਡੈਸਕ- ਗੂਗਲ ਦੇ ਕੋ-ਫਾਊਂਡਰ ਸਰਗੇਈ ਬ੍ਰਿਨ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਇੱਕ ਨਵੇਂ ਵਪਾਰਕ ਟੈਕਸ ਕਾਨੂੰਨ ਦੇ ਵਿਰੋਧ ਵਿੱਚ ਲਗਭਗ 5 ਲੱਖ ਡਾਲਰ (ਕਰੀਬ 4.77 ਕਰੋੜ ਰੁਪਏ) ਦਾ ਦਾਨ ਦਿੱਤਾ ਹੈ। ਬ੍ਰਿਨ ਦੇ ਇਸ ਹੈਰਾਨੀਜਨਕ ਫੈਸਲੇ ਨੇ ਅਮਰੀਕਾ ਦੀ ਟੈਕ ਇੰਡਸਟਰੀ ਅਤੇ ਰਾਜਨੀਤੀ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਇਹ ਵਿਵਾਦ ਸੈਨ ਫਰਾਂਸਿਸਕੋ ਵਿੱਚ ਆਉਣ ਵਾਲੇ 2 ਜੂਨ ਨੂੰ ਹੋਣ ਵਾਲੀ ਵੋਟਿੰਗ ਨਾਲ ਜੁੜਿਆ ਹੈ, ਜਿੱਥੇ ਦੋ ਟੈਕਸ ਪ੍ਰਸਤਾਵਾਂ—Measure C ਅਤੇ Measure D—'ਤੇ ਫੈਸਲਾ ਹੋਣਾ ਹੈ। ਸਰਗੇਈ ਬ੍ਰਿਨ ਉਸ ਸਿਆਸੀ ਕਮੇਟੀ ਦੀ ਮਦਦ ਕਰ ਰਹੇ ਹਨ ਜੋ 'Measure D' ਦਾ ਵਿਰੋਧ ਕਰ ਰਹੀ ਹੈ, ਜਿਸ ਨੂੰ 'ਓਵਰਪੇਡ ਸੀਈਓ ਟੈਕਸ' ਕਿਹਾ ਜਾ ਰਿਹਾ ਹੈ। ਇਸ ਪ੍ਰਸਤਾਵ ਦੇ ਤਹਿਤ ਕੰਪਨੀਆਂ ਦੇ ਸੀਈਓ ਅਤੇ ਕਰਮਚਾਰੀਆਂ ਦੀ ਤਨਖਾਹ ਦੇ ਅੰਤਰ ਦੇ ਅਧਾਰ 'ਤੇ ਟੈਕਸ ਤੈਅ ਕੀਤਾ ਜਾਵੇਗਾ।
ਰਿਪੋਰਟਾਂ ਅਨੁਸਾਰ, ਸਰਗੇਈ ਬ੍ਰਿਨ ਇਸ ਟੈਕਸ ਪ੍ਰਸਤਾਵ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਇੱਕ ਜਨਤਕ ਬਿਆਨ ਵਿੱਚ ਕਿਹਾ ਕਿ ਉਹ ਸਮਾਜਵਾਦ ਦੇ ਖਿਲਾਫ ਹਨ। ਬ੍ਰਿਨ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1979 ਵਿੱਚ ਸੋਵੀਅਤ ਸੰਘ ਤੋਂ ਭੱਜ ਕੇ ਅਮਰੀਕਾ ਆਇਆ ਸੀ ਅਤੇ ਉਨ੍ਹਾਂ ਨੇ ਸਮਾਜਵਾਦ ਦੇ ਨੁਕਸਾਨ ਬਹੁਤ ਨੇੜਿਓਂ ਦੇਖੇ ਹਨ। ਉਹ ਨਹੀਂ ਚਾਹੁੰਦੇ ਕਿ ਕੈਲੀਫੋਰਨੀਆ ਵੀ ਉਸੇ ਰਸਤੇ 'ਤੇ ਚੱਲੇ।
ਜਿੱਥੇ ਕਿਰਤ ਸੰਗਠਨ ਇਸ ਟੈਕਸ ਦਾ ਸਮਰਥਨ ਕਰ ਰਹੇ ਹਨ ਤਾਂ ਜੋ ਸ਼ਹਿਰ ਦੀ ਆਰਥਿਕ ਸਥਿਤੀ ਸੁਧਾਰੀ ਜਾ ਸਕੇ, ਉੱਥੇ ਹੀ ਵਪਾਰਕ ਸਮੂਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੰਪਨੀਆਂ ਸੈਨ ਫਰਾਂਸਿਸਕੋ ਛੱਡ ਸਕਦੀਆਂ ਹਨ, ਜਿਸ ਦਾ ਅਸਰ ਨੌਕਰੀਆਂ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਸਰਗੇਈ ਬ੍ਰਿਨ ਨੇ ਖੁਦ ਵੀ ਆਪਣਾ ਨਿਵਾਸ ਕੈਲੀਫੋਰਨੀਆ ਤੋਂ ਹਟਾ ਕੇ ਨੇਵਾਡਾ ਵਿੱਚ ਤਬਦੀਲ ਕਰ ਲਿਆ ਹੈ, ਜਿੱਥੇ ਰਾਜ ਟੈਕਸ ਨਹੀਂ ਲੱਗਦਾ।
