ਹਰ 18 ਦਿਨ ''ਚ ਇਕ ਪ੍ਰਮਾਣੂ ਹਥਿਆਰ ਤਿਆਰ ਕਰ ਰਿਹੈ ਚੀਨ! ਅਮਰੀਕਾ ਦੀ ਵਧੀ ਚਿੰਤਾ
Monday, Jun 08, 2026 - 06:24 PM (IST)
ਬੀਜਿੰਗ/ਸਟਾਕਹੋਮ : ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਇੱਕ ਤਾਜ਼ਾ ਰਿਪੋਰਟ ਨੇ ਰੂਸ ਤੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਬੜੀ ਤੇਜ਼ੀ ਨਾਲ ਵਧਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਹਰ 18 ਦਿਨਾਂ ਵਿਚ ਇੱਕ ਨਵਾਂ ਪ੍ਰਮਾਣੂ ਵਾਰਹੈੱਡ ਆਪਣੇ ਜਖ਼ੀਰੇ ਵਿੱਚ ਸ਼ਾਮਲ ਕਰ ਰਿਹਾ ਹੈ।
ਅੰਕੜਿਆਂ ਮੁਤਾਬਕ, ਜਨਵਰੀ 2025 'ਚ ਚੀਨ ਕੋਲ 600 ਪ੍ਰਮਾਣੂ ਵਾਰਹੈੱਡ ਸਨ, ਜੋ ਜਨਵਰੀ 2026 ਤੱਕ ਵਧ ਕੇ 620 ਹੋ ਗਏ ਹਨ। ਚੀਨ ਨਾ ਸਿਰਫ਼ ਵਾਰਹੈੱਡਾਂ ਦੀ ਗਿਣਤੀ ਵਧਾ ਰਿਹਾ ਹੈ, ਸਗੋਂ ਆਪਣੇ ਪੂਰੇ ਪ੍ਰਮਾਣੂ ਪ੍ਰੋਗਰਾਮ ਨੂੰ ਆਧੁਨਿਕ ਵੀ ਬਣਾ ਰਿਹਾ ਹੈ। ਇਸ 'ਚ ਮਿਜ਼ਾਈਲ ਸਾਈਲੋ, ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBM) ਤੇ ਹੋਰ ਨਿਊਕਲੀਅਰ ਵੈਪਨ ਸਿਸਟਮ ਸ਼ਾਮਲ ਹਨ।
ਅਮਰੀਕਾ ਤੇ ਰੂਸ ਦੀ ਵਧੀ ਚਿੰਤਾ
ਰਿਪੋਰਟ 'ਚ ਇੱਕ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਹੈ ਕਿ ਚੀਨ ਕੋਲ ਹੁਣ ਜ਼ਮੀਨ ਅਧਾਰਤ ICBM ਲਾਂਚਰਾਂ ਦੀ ਗਿਣਤੀ ਰੂਸ ਅਤੇ ਅਮਰੀਕਾ ਤੋਂ ਵੀ ਜ਼ਿਆਦਾ ਹੋ ਗਈ ਹੈ। ਜਨਵਰੀ 2026 ਤੱਕ ਚੀਨ ਕੋਲ 775 ਮਿਜ਼ਾਈਲ ਸਾਈਲੋ ਸਨ। ਅਨੁਮਾਨ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਚੀਨ ਦਾ ICBM ਭੰਡਾਰ ਰੂਸ ਤੇ ਅਮਰੀਕਾ ਦੇ ਬਰਾਬਰ ਪਹੁੰਚ ਸਕਦਾ ਹੈ।
ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਉਸਦੀ ਪ੍ਰਮਾਣੂ ਨੀਤੀ ਪੂਰੀ ਤਰ੍ਹਾਂ ਰੱਖਿਆਤਮਕ ਹੈ ਅਤੇ ਉਹ 'ਨੋ ਫਸਟ ਯੂਜ਼' (ਪਹਿਲਾਂ ਹਮਲਾ ਨਾ ਕਰਨ) ਦੀ ਨੀਤੀ ਦਾ ਪਾਲਣ ਕਰਦਾ ਹੈ, ਪਰ ਰਿਪੋਰਟ ਦੱਸਦੀ ਹੈ ਕਿ ਚੀਨ ਨੇ ਹੁਣ ਸ਼ਾਂਤੀ ਦੇ ਸਮੇਂ ਦੌਰਾਨ ਵੀ ਕੁਝ ਮਿਜ਼ਾਈਲ ਯੂਨਿਟਾਂ 'ਤੇ ਵਾਰਹੈੱਡ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ। 2025 'ਚ ਤਾਇਨਾਤ ਵਾਰਹੈੱਡਾਂ ਦੀ ਗਿਣਤੀ 24 ਸੀ, ਜੋ 2026 'ਚ ਵਧ ਕੇ 34 ਹੋ ਗਈ ਹੈ।
SIPRI ਅਨੁਸਾਰ, ਦੁਨੀਆ ਦੇ ਸਾਰੇ 9 ਪ੍ਰਮਾਣੂ ਸੰਪੰਨ ਦੇਸ਼ ਆਪਣੇ ਹਥਿਆਰਾਂ ਨੂੰ ਆਧੁਨਿਕ ਬਣਾ ਰਹੇ ਹਨ। ਜਨਵਰੀ 2026 ਤੱਕ ਪੂਰੀ ਦੁਨੀਆ 'ਚ ਕੁੱਲ 12,187 ਪ੍ਰਮਾਣੂ ਵਾਰਹੈੱਡ ਮੌਜੂਦ ਸਨ। ਭਾਵੇਂ ਕੁੱਲ ਗਿਣਤੀ ਵਿੱਚ ਮਾਮੂਲੀ ਕਮੀ ਆਈ ਹੈ, ਪਰ ਤੁਰੰਤ ਇਸਤੇਮਾਲ ਲਈ ਤਿਆਰ ਹਥਿਆਰਾਂ ਦੀ ਗਿਣਤੀ 3,912 ਤੋਂ ਵਧ ਕੇ 4,012 ਹੋ ਗਈ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
