''ਸਿੱਖ ਯਾਤਰੀਆਂ ਲਈ ਵਧੀਆ ਸੁਰੱਖਿਆ ਇੰਤਜ਼ਾਮ'', ਪਾਕਿ-ਅਫਗਾਨ ਤਣਾਅ ਵਿਚਾਲੇ PSGPC ਨੇ ਦਿੱਤਾ ਭਰੋਸਾ
Sunday, Oct 12, 2025 - 07:32 PM (IST)

ਲੰਡਨ (ਸਰਬਜੀਤ ਸਿੰਘ ਬਨੂੜ) : ਬ੍ਰਿਟੇਨ ਦੀ ਵਿਦੇਸ਼ ਮਾਮਲਿਆਂ ਦੀ ਵਿਭਾਗ ਨੇ ਪਾਕਿਸਤਾਨ ਲਈ ਨਵੀਂ ਯਾਤਰਾ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਕੁਝ ਖੇਤਰਾਂ ਵਿੱਚ ਕੇਵਲ ਜ਼ਰੂਰੀ ਯਾਤਰਾ ਹੀ ਕੀਤੀ ਜਾਵੇ, ਜਦਕਿ ਕੁਝ ਇਲਾਕਿਆਂ ਵਿੱਚ ਜਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
ਪਾਕਿਸਤਾਨ ਦੀ ਉੱਤਰੀ ਅਤੇ ਪੱਛਮੀ ਸਰਹੱਦ ‘ਤੇ ਅਫਗਾਨਿਸਤਾਨ ਨਾਲ ਲਗਦੇ ਖੇਤਰਾਂ ਵਿੱਚ ਹਾਲਾਤ ਤਣਾਅਪੂਰਨ ਹਨ। ਬ੍ਰਿਟਿਸ਼ ਸਰਕਾਰ ਦੀ ਐਡਵਾਈਜ਼ਰੀ ਮੁਤਾਬਕ, ਇਨ੍ਹਾਂ ਇਲਾਕਿਆਂ ਵਿੱਚ ਹਥਿਆਰਬੰਦ ਟਕਰਾਅ, ਬੰਬ ਹਮਲੇ, ਤੇ ਰਾਸ਼ਟਰੀ ਫੌਜ ਨਾਲ ਛੋਟੀ ਪੱਧਰੀ ਝੜਪਾਂ ਦੀ ਸੰਭਾਵਨਾ ਹੈ। ਇਸ ਕਰਕੇ ਵਿਦੇਸ਼ੀ ਯਾਤਰੀਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਗਿਆ ਹੈ, ਅਤੇ ਸੁਰੱਖਿਆ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਸਿੱਖ ਯਾਤਰੀਆਂ ਲਈ ਵਿਸ਼ੇਸ਼ ਤਿਆਰੀਆਂ ਬਾਰੇ ਜਗਬਾਣੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਪਾਕਿਸਤਾਨੀ ਮੰਤਰੀ ਸ. ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਸਿੱਖ ਯਾਤਰੀਆਂ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਗਏ ਹਨ। ਹਰ ਯਾਤਰੀ ਨੂੰ ਆਦਰ, ਸਹੂਲਤ ਅਤੇ ਸੁਰੱਖਿਆ ਮਿਲੇਗੀ। ਉਹਨਾਂ ਦੱਸਿਆ ਕਿ ਗੁਰਦੁਆਰਿਆਂ, ਰਿਹਾਇਸ਼, ਆਵਾਜਾਈ ਅਤੇ ਸਿਹਤ ਸਹੂਲਤਾਂ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਰੋੜਾ ਨੇ ਇਹ ਵੀ ਕਿਹਾ ਕਿ ਅਫ਼ਵਾਹਾਂ ਜਾਂ ਗਲਤ ਖ਼ਬਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਕੁਝ ਤੱਤ ਪਾਕਿਸਤਾਨ ਦੀ ਸਿੱਖ ਧਾਰਮਿਕ ਯਾਤਰਾ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਸਰਕਾਰ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਹੋਰ ਧਾਰਮਿਕ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪਾਕਿਸਤਾਨ ਨੇ ਵਿਦੇਸ਼ੀ ਯਾਤਰੀਆਂ ਖ਼ਾਸ ਕਰਕੇ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਦੇ ਸਿੱਖ ਸੰਗਤਾਂ ਲਈ ਆਨਲਾਈਨ ਵੀਜ਼ਾ ਸਿਸਟਮ ਸ਼ੁਰੂ ਕੀਤਾ ਹੈ।
ਦੂਜੇ ਪਾਸੇ, PSGPC ਨੇ ਭਾਰਤੀ ਸਰਕਾਰ ਵੱਲੋਂ ਕੁਝ ਸਿੱਖ ਯਾਤਰੀਆਂ ਨੂੰ ਵੀਜ਼ਾ ਜਾਰੀ ਨਾ ਕਰਨ ਦੇ ਮਾਮਲੇ ‘ਤੇ ਨਾਰਾਜ਼ਗੀ ਜਤਾਈ ਹੈ। ਸੰਗਤਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਯਾਤਰਾ ਯੋਜਨਾਵਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਸਦੀਕ ਕਰ ਲੈਣ ਅਤੇ ਯਾਤਰਾ ਬੀਮਾ ਜ਼ਰੂਰ ਲੈਣ। ਬਰਤਾਨੀਆ ਵੱਲੋ ਅਡਵਾਇਜਰੀ ਦੇ ਮੁੱਖ ਬਿੰਦੂ ਵਿੱਚ ਬਲੋਚਿਸਤਾਨ, ਸਿੰਧ ਅਤੇ ਕਸ਼ਮੀਰ ਦੀ ਲਾਈਨ ਆਫ਼ ਕੰਟਰੋਲ ਦੇ ਨੇੜਲੇ ਇਲਾਕਿਆਂ ਵਿੱਚ ਜਾਣ ਤੋਂ ਪਰਹੇਜ਼ ਕਰਨ. ਸਰਕਾਰੀ ਐਲਾਨਾਂ, ਸਥਾਨਕ ਮੀਡੀਆ ਅਤੇ ਅੰਬੈਸੀਆਂ ਦੀਆਂ ਨਵੀਆਂ ਹਦਾਇਤਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ । ਪਾਕਿਸਤਾਨ ਯਾਤਰੀਆਂ ਨੂੰ ਜਨ ਸਮੂਹਾਂ, ਪ੍ਰਦਰਸ਼ਨਾਂ ਅਤੇ ਧਾਰਮਿਕ ਟਕਰਾਅ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ।
ਜਿੱਥੇ ਇੱਕ ਪਾਸੇ ਖੇਤਰੀ ਅਸਥਿਰਤਾ ਅਤੇ ਅਫਗਾਨ ਯੁੱਧ ਦਾ ਪ੍ਰਭਾਵ ਪਾਕਿਸਤਾਨ ਦੀ ਸੁਰੱਖਿਆ ਸਥਿਤੀ ‘ਤੇ ਸਾਫ਼ ਦਿੱਸ ਰਿਹਾ ਹੈ, ਉੱਥੇ ਦੂਜੇ ਪਾਸੇ ਪਾਕਿਸਤਾਨੀ ਸਰਕਾਰ ਤੇ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਹਿਯੋਗ ਅਤੇ ਸੁਰੱਖਿਆ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e