ਸੋਨੇ ਦੀ ਖਾਣ ਡਿੱਗਣ ਕਾਰਨ ਵਾਪਰਿਆ ਭਿਆਨਕ ਹਾਦਸਾ, 100 ਤੋਂ ਵੱਧ ਲੋਕਾਂ ਦੀ ਮੌਤ
Thursday, Aug 20, 2026 - 12:47 AM (IST)
ਬੰਗੁਈ : ਮੱਧ ਅਫ਼ਰੀਕੀ ਗਣਰਾਜ ਦੇ ਪੱਛਮੀ ਹਿੱਸੇ ਵਿੱਚ ਇੱਕ ਸੋਨੇ ਦੀ ਖਾਣ ਡਿੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਤੋਂ ਵੱਧ ਹੋ ਗਈ ਹੈ। ਰਾਹਤ ਕਾਰਜਾਂ ਵਿੱਚ ਜੁੜੇ ਰੈੱਡ ਕਰਾਸ ਦੇ ਇੱਕ ਸਵੈਸੇਵਕ ਅਤੇ ਇੱਕ ਸਥਾਨਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ ਹੈ। ਖਾਣ ਡਿੱਗਣ ਦਾ ਇਹ ਭਿਆਨਕ ਹਾਦਸਾ ਮੰਗਲਵਾਰ ਸਵੇਰੇ ਕੈਮਰੂਨ ਦੀ ਸਰਹੱਦ ਨੇੜੇ ਸਥਿਤ ਨਾਨਾ-ਮਾਮਬੇਰੇ ਪ੍ਰਾਂਤ ਦੇ ਜੈਂਬੋਏ ਪਿੰਡ ਵਿੱਚ ਵਾਪਰਿਆ।
ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਰੈੱਡ ਕਰਾਸ ਦੇ ਸਥਾਨਕ ਸਵੈਸੇਵਕ ਗੇਰਵੈਸ ਗਨਾਗੋਰੋਹ ਨੇ ਦੱਸਿਆ ਕਿ ਹੁਣ ਤੱਕ ਹਾਦਸੇ ਵਾਲੀ ਥਾਂ ਤੋਂ 100 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਜੈਂਬੋਏ ਯੂਥ ਕੌਂਸਲ ਦੇ ਮੈਂਬਰ ਬਰਟਰੈਂਡ ਬੇ ਯਾਂਗੂਓ ਨੇ ਵੀ ਮ੍ਰਿਤਕਾਂ ਦੀ ਗਿਣਤੀ 100 ਤੋਂ ਵੱਧ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਮਰਨ ਵਾਲਿਆਂ ਦਾ ਆਂਕੜਾ ਅਜੇ ਹੋਰ ਵੀ ਵੱਧ ਸਕਦਾ ਹੈ, ਕਿਉਂਕਿ ਕਈ ਲੋਕ ਹਾਲੇ ਵੀ ਲਾਪਤਾ ਹਨ ਅਤੇ ਕੁਝ ਹੋਰ ਲੋਕ ਮਲਬੇ ਦੇ ਹੇਠਾਂ ਫਸੇ ਹੋਏ ਹਨ। ਲਾਪਤਾ ਲੋਕਾਂ ਬਾਰੇ ਗੱਲ ਕਰਦਿਆਂ ਯਾਂਗੂਓ ਨੇ ਭਰੇ ਮਨ ਨਾਲ ਕਿਹਾ, "ਉਨ੍ਹਾਂ ਦਾ ਮਲਬੇ ਵਿੱਚੋਂ ਜਿਉਂਦੇ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ"।
