ਪੱਛਮੀ ਗਲਾਸਗੋ ਦੇ ਰਿਹਾਇਸ਼ੀ ਫਲੈਟ 'ਚ ਲੱਗੀ ਅੱਗ
Monday, Oct 12, 2020 - 02:10 AM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਅੱਜ ਸਵੇਰੇ ਗਲਾਸਗੋ ਦੇ ਵੈਸਟ ਵਿਚ ਰਿਹਾਇਸ਼ੀ ਇਮਾਰਤ ਦੇ ਫਲੈਟਾਂ ਦੇ ਇਕ ਬਲਾਕ ਵਿਚ ਅੱਗ ਲੱਗਣ ਤੋਂ ਬਾਅਦ ਵਸਨੀਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ।
ਅੱਗ ਬੁਝਾਊ ਅਮਲਾ ਲੱਗੀ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਕੈਲਵਿਨਸਾਈਡ ਦੇ ਓਬਨ ਕੋਰਟ ਵਿਚ ਪਹੁੰਚਿਆ। ਸਕਾਟਿਸ਼ ਫਾਇਰ ਐਂਡ ਰੈਸਕਿਊ ਸੇਵਾ ਦੇ ਬੁਲਾਰੇ ਅਨੁਸਾਰ ਇਮਾਰਤ ਦੀ ਤੀਜੀ ਮੰਜ਼ਲ 'ਤੇ ਅੱਗ ਬੁਝਾਉਣ ਲਈ 5 ਵਾਹਨ ਘਟਨਾ ਸਥਲ 'ਤੇ ਭੇਜੇ ਗਏ ਸਨ। ਅੱਗ ਬੁਝਾਊ ਅਮਲੇ ਨੇ ਸਵੇਰੇ 5 ਵਜੇ ਤੱਕ ਘਟਨਾ ਸਥਾਨ ‘ਤੇ ਅੱਗ ਉੱਪਰ ਕਾਬੂ ਪਾ ਲਿਆ ਸੀ। ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਸੰਬੰਧੀ ਪੁੱਛਗਿੱਛ ਜਾਰੀ ਹੈ।