ਗਲਾਸਗੋ ਦੀ ਬੈਂਕ ''ਚ ਤੇਜ਼ਧਾਰ ਹਥਿਆਰ ਦੀ ਨੋਕ ''ਤੇ ਲੁੱਟ, ਦੋਸ਼ੀ ਦੀ ਭਾਲ ਜਾਰੀ

Saturday, Nov 07, 2020 - 11:52 PM (IST)

ਗਲਾਸਗੋ ਦੀ ਬੈਂਕ ''ਚ ਤੇਜ਼ਧਾਰ ਹਥਿਆਰ ਦੀ ਨੋਕ ''ਤੇ ਲੁੱਟ, ਦੋਸ਼ੀ ਦੀ ਭਾਲ ਜਾਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੀ ਇਕ ਬੈਂਕ ਵਿਚ ਦਿਨ-ਦਿਹਾੜੇ ਡਾਕਾ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਧਿਕਾਰੀਆਂ ਅਨੁਸਾਰ ਦੁਪਹਿਰ ਦੇ ਲਗਭਗ 1:30 ਵਜੇ ਦੇ ਕਰੀਬ ਸ਼ਾਅਲੈਂਡਜ਼ ਖੇਤਰ ਵਿਚ ਕਿਲਮਰਨੌਕ ਰੋਡ 'ਤੇ ਰਾਇਲ ਬੈਂਕ ਆਫ ਸਕਾਟਲੈਂਡ ਵਿਚ ਇਹ ਘਟਨਾ ਵਾਪਰੀ ਹੈ। ਰਿਪੋਰਟ ਮੁਤਾਬਕ ਇਕ ਆਦਮੀ ਨੇ ਬੈਂਕ ਦੇ ਸਟਾਫ਼ ਨੂੰ ਤੇਜ਼ਧਾਰ ਹਥਿਆਰ ਨਾਲ ਧਮਕਾਇਆ ਅਤੇ ਰਕਮ ਲੈ ਕੇ ਰਫੂਚੱਕਰ ਹੋ ਗਿਆ। ਇਸ ਘਟਨਾ ਨਾਲ ਬੈਂਕ ਦਾ ਸਟਾਫ਼ ਸਦਮੇ ਵਿਚ ਹੈ। 

ਪੁਲਸ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਨੂੰ ਕੋਈ ਸਰੀਰਕ ਹਾਨੀ ਨਹੀਂ ਪਹੁੰਚੀ ਹੈ। ਡਕੈਤੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮਾਉਂਟ ਸਟੂਅਰਟ ਸਟ੍ਰੀਟ ਦੇ ਨਾਲ ਅਤੇ ਫਿਰ ਕੁਈਨਜ਼ ਪਾਰਕ ਵੱਲ ਭੱਜ ਗਿਆ ਸੀ। ਹੁਣ ਪੁਲਸ ਵਲੋਂ ਉਸ ਆਦਮੀ ਨੂੰ ਲੱਭਣ ਵਿਚ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਸ਼ੱਕੀ 30 ਤੋਂ 40 ਸਾਲਾਂ ਦੀ ਉਮਰ ਅਤੇ ਲਗਭਗ 5 ਫੁੱਟ 9 ਇੰਚ ਕੱਦ ਵਾਲਾ ਗੋਰਾ ਆਦਮੀ ਸਕਾਟਿਸ਼ ਮੂਲ ਦਾ ਦੱਸਿਆ ਗਿਆ ਹੈ। ਵਾਰਦਾਤ ਸਮੇਂ ਉਸ ਨੇ ਜਾਮਨੀ ਰੰਗ ਦੀ ਟੀ-ਸ਼ਰਟ ਦੇ ਨਾਲ ਇਕ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਸੀ। ਉਸ ਨੇ ਇਕ ਕਾਲੇ ਰੰਗ ਦੀ ਟੋਪੀ ਅਤੇ ਮਾਸਕ ਵੀ ਪਾਇਆ ਹੋਇਆ ਸੀ। ਸਕਾਟਲੈਂਡ ਪੁਲਸ ਵੱਲੋਂ ਇਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


author

Sanjeev

Content Editor

Related News