ਗਲਾਸਗੋ: ਹੁਣ ਪਾਸਪੋਰਟ ਦਫ਼ਤਰ ਦੇ ਕਾਮੇ ਕਰਨਗੇ 5 ਹਫ਼ਤਿਆਂ ਦੀ ਹੜਤਾਲ
Saturday, Mar 18, 2023 - 10:39 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੇ ਹਰ ਕਿਸੇ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕਾਮਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੜਤਾਲਾਂ ਕਰਕੇ ਆਪਣਾ ਦੁੱਖ ਰੋਇਆ ਜਾ ਰਿਹਾ ਹੈ। ਡਾਕ ਵਿਭਾਗ, ਸਿਹਤ ਵਿਭਾਗ, ਟਰਾਂਸਪੋਰਟ ਵਿਭਾਗ, ਰੇਲ ਵਿਭਾਗ, ਸਿੱਖਿਆ ਵਿਭਾਗ ਦੇ ਨਾਲ-ਨਾਲ ਹੁਣ ਪਾਸਪੋਰਟ ਦਫ਼ਤਰ ਨਾਲ ਸਬੰਧਤ ਕਾਮੇ ਵੀ ਹੜਤਾਲ ਦੇ ਰਾਹ ਤੁਰਨ ਲਈ ਤਿਆਰ ਹਨ।
ਗਲਾਸਗੋ ਵਿੱਚ ਪਾਸਪੋਰਟ ਦਫ਼ਤਰ ਦੇ ਕਰਮਚਾਰੀ ਨੌਕਰੀਆਂ, ਤਨਖ਼ਾਹ ਅਤੇ ਸ਼ਰਤਾਂ ਨੂੰ ਲੈ ਕੇ ਵਿਵਾਦ ਵਧਣ ਦੇ ਕਾਰਨ 5 ਹਫ਼ਤਿਆਂ ਲਈ ਹੜਤਾਲ ਕਰਨਗੇ। ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਪਾਸਪੋਰਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਪਬਲਿਕ ਐਂਡ ਕਮਰਸ਼ੀਅਲ ਸਰਵਿਸਿਜ਼ (ਪੀ.ਸੀ.ਐੱਸ.) ਯੂਨੀਅਨ ਦੇ 1,000 ਤੋਂ ਵੱਧ ਮੈਂਬਰ 3 ਅਪ੍ਰੈਲ ਤੋਂ 5 ਮਈ ਤੱਕ ਇਸ ਕਾਰਵਾਈ ਵਿੱਚ ਹਿੱਸਾ ਲੈਣਗੇ। ਗਲਾਸਗੋ, ਲਿਵਰਪੂਲ, ਲੰਡਨ, ਨਿਊਪੋਰਟ, ਦਰਹਮ, ਪੀਟਰਬਰੋ ਅਤੇ ਸਾਊਥਪੋਰਟ ਵਿੱਚ ਕੰਮ ਕਰਨ ਵਾਲੇ ਲੋਕ 3 ਅਪ੍ਰੈਲ ਤੋਂ 5 ਮਈ ਤੱਕ ਵਾਕਆਊਟ ਕਰਨਗੇ, ਜਦਕਿ ਬੇਲਫਾਸਟ ਵਿੱਚ ਕੰਮ ਕਰਨ ਵਾਲੇ 7 ਅਪ੍ਰੈਲ ਤੋਂ 5 ਮਈ ਤੱਕ ਹੜਤਾਲ ਕਰਨਗੇ।