ਗਲਾਸਗੋ : ਪ੍ਰੈਸਟਵਿਕ ਏਅਰਪੋਰਟ ’ਤੇ ਕੋਕੀਨ ਮਾਮਲੇ ’ਚ ਇਕ ਵਿਅਕਤੀ ਗ੍ਰਿਫ਼ਤਾਰ

Monday, Oct 11, 2021 - 08:34 PM (IST)

ਗਲਾਸਗੋ : ਪ੍ਰੈਸਟਵਿਕ ਏਅਰਪੋਰਟ ’ਤੇ ਕੋਕੀਨ ਮਾਮਲੇ ’ਚ ਇਕ ਵਿਅਕਤੀ ਗ੍ਰਿਫ਼ਤਾਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਪ੍ਰੇਸਟਵਿਕ ਹਵਾਈ ਅੱਡੇ ’ਤੇ ਇਕ ਵਿਅਕਤੀ ਨੂੰ ਪਿਛਲੇ ਸਾਲ ਇਕ ਵਾਹਨ ’ਚੋਂ ਬਰਾਮਦ ਹੋਈ ਲੱਖਾਂ ਪੌਂਡ ਦੀ ਕੋਕੀਨ ਦੀ ਜਾਂਚ ਦੇ ਮਾਮਲੇ ’ਚ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ 45 ਸਾਲਾ ਵਿਅਕਤੀ, ਜੋ ਉੱਤਰੀ ਆਇਰਸ਼ਾਇਰ ਦੇ ਇਰਵਿਨ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਸਪੇਨ ਵੱਲ ਉਡਾਣ ਭਰਨ ਵੇਲੇ ਹਿਰਾਸਤ ’ਚ ਲਿਆ ਗਿਆ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਡੋਵਰ ਡੌਕਸ ’ਤੇ ਮਿਲੀ ਕੋਕੀਨ ਦੀ ਕੀਮਤ ਤਕਰੀਬਨ 19.4 ਮਿਲੀਅਨ ਪੌਂਡ ਸੀ। ਗ੍ਰਿਫ਼ਤਾਰੀ ਉਪਰੰਤ ਉਸ ਨੂੰ ਕਾਰਲਾਇਲ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਹਾਲਾਂਕਿ ਉਸ ਨੂੰ ਜਾਂਚ ਅਧੀਨ ਰਿਹਾਅ ਕੀਤਾ ਗਿਆ ਹੈ। ਇਸ ਚੱਲ ਰਹੀ ਜਾਂਚ ’ਚ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਉਹ ਤੀਜਾ ਆਦਮੀ ਹੈ।

ਇਸ ਤੋਂ ਪਹਿਲਾਂ ਇੰਗਲੈਂਡ ਦੇ ਉੱਤਰ-ਪੱਛਮ ਦੇ ਦੋ ਵਿਅਕਤੀਆਂ ਨੂੰ ਕੁਲ 30 ਸਾਲਾਂ ਤੋਂ ਵੱਧ ਸਮੇਂ ਲਈ ਨਸ਼ੀਲੇ ਪਦਾਰਥਾਂ ਦੇ ਸਬੰਧ ਵਿਚ ਜੇਲ੍ਹ ’ਚ ਭੇਜਿਆ ਗਿਆ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਸੇਂਟ ਹੈਲੇਨਜ਼ ਤੋਂ ਡਰਾਈਵਰ ਕ੍ਰਿਸਟੋਫਰ ਬੱਲੋਜ਼ ਅਤੇ ਬਲੈਕਬਰਨ ਤੋਂ ਉਸ ਦੇ ਸਾਥੀ ਮਾਰਕ ਟਕਰ ਨੂੰ ਸਤੰਬਰ 2020 ’ਚ ਡੋਵਰ ਡੌਕਸ ਵਿਖੇ ਉਨ੍ਹਾਂ ਦੀ ਕੋਚ ਨੂੰ ਰੋਕਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਬਾਰਡਰ ਫੋਰਸ ਨੇ ਤਲਾਸ਼ੀ ਦੌਰਾਨ ਇਕ ਵਿਸ਼ੇਸ਼ ਤੌਰ ’ਤੇ ਬਣਾਏ ਗਏ ਗੰਦੇ ਪਾਣੀ ਦੇ ਟੈਂਕ ਵਿਚ ਛੁਪੀ ਕੋਕੀਨ ਨੂੰ ਜ਼ਬਤ ਕੀਤਾ ਸੀ। ਇਸ ਸਾਲ ਜੁਲਾਈ ’ਚ ਟਕਰ ਨੂੰ ਕੈਂਟਰਬਰੀ ਕਰਾਊਨ ਕੋਰਟ ’ਚ 16 ਸਾਲ ਅਤੇ ਬੱਲੋਜ਼ ਨੂੰ 14 ਸਾਲ ਅਤੇ 4 ਮਹੀਨਿਆਂ ਦੀ ਜੇਲ੍ਹ ਹੋਈ ਸੀ, ਜਦਕਿ ਰਾਸ਼ਟਰੀ ਅਪਰਾਧ ਏਜੰਸੀ (ਐੱਨ. ਸੀ. ਏ.) ਅਨੁਸਾਰ ਇਸ ਤਸਕਰੀ ਦੀ ਜਾਂਚ ਅਜੇ ਜਾਰੀ ਹੈ।


author

Manoj

Content Editor

Related News