ਵਿਆਹ ਜਾਂ ਫਿਰ ਕੁਝ ਹੋਰ ਮਕਸਦ! ਵਿਆਹ ਲਈ ਵਿਦੇਸ਼ ਗਈ ਲੜਕੀ ਅਚਾਨਕ ਹੋਈ ਗਾਇਬ

Sunday, Jun 29, 2025 - 06:50 PM (IST)

ਵਿਆਹ ਜਾਂ ਫਿਰ ਕੁਝ ਹੋਰ ਮਕਸਦ! ਵਿਆਹ ਲਈ ਵਿਦੇਸ਼ ਗਈ ਲੜਕੀ ਅਚਾਨਕ ਹੋਈ ਗਾਇਬ

ਵੈੱਬ ਡੈਸਕ - ਅਮਰੀਕਾ ਵਿਚ ਇਕ ਭਾਰਤੀ ਨੌਜਵਾਨ ਕੁੜੀ ਦੀ ਅਚਾਨਕ ਗਾਇਬੀ ਨੇ ਸਥਾਨਕ ਪੁਲਸ ਅਤੇ ਭਾਰਤੀ ਭਾਈਚਾਰੇ ਵਿਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। 24 ਸਾਲਾ ਸਿਮਰਨ, ਜੋ 20 ਜੂਨ ਨੂੰ ਇਕ ਅਰੈਂਜ ਮੈਰਿਜ਼ ਦੇ ਸਬੰਧ ਵਿਚ ਨਿਊ ਜਰਸੀ (ਅਮਰੀਕਾ) ਪਹੁੰਚੀ ਸੀ, ਕੁਝ ਦਿਨਾਂ ਬਾਅਦ ਬਿਨਾਂ ਕਿਸੇ ਜਾਣਕਾਰੀ ਦੇ ਗਾਇਬ ਹੋ ਗਈ। ਸਰਵਿਲੈਂਸ ਫੂਟੇਜ ਵਿਚ ਉਹ ਅਖੀਰ ਵਾਰੀ ਇਕ ਥਾਂ ਉਤੇ ਫੋਨ ਵੇਖਦੀ ਨਜ਼ਰ ਆਈ। ਫੂਟੇਜ ਅਨੁਸਾਰ, ਉਹ ਸਧਾਰਣ ਲੱਗ ਰਹੀ ਸੀ ਤੇ ਕਿਸੇ ਵੀ ਤਣਾਅ ਜਾਂ ਡਰ ਦੇ ਅਸਾਰ ਨਜ਼ਰ ਨਹੀਂ ਆਏ ਪਰ ਇਸ ਤੋਂ ਬਾਅਦ ਉਹਦਾ ਕੋਈ ਅਤਾ-ਪਤਾ ਨਹੀਂ ਲੱਗਿਆ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਸਿਮਰਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਅਤੇ ਨਾਂ ਹੀ ਅਮਰੀਕਾ ਵਿਚ ਉਸਦਾ ਕੋਈ ਜਾਣ-ਪਛਾਣ ਵਾਲਾ ਹੈ। ਉਹ ਕੋਲ ਇੰਟਰਨੈਸ਼ਨਲ ਫੋਨ ਸੀ ਜੋ ਸਿਰਫ਼ Wi-Fi 'ਤੇ ਕੰਮ ਕਰਦਾ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਵਾਕਈ ਵਿਆਹ ਕਰਵਾਉਣ ਦੀ ਇੱਛਾ ਨਹੀਂ ਰੱਖਦੀ ਸੀ ਅਤੇ ਅਮਰੀਕਾ ਆਉਣ ਦੀ ਆੜ 'ਚ ਸਿਰਫ਼ ਘੁੰਮਣ ਆਈ ਹੋਵੇ।

ਦੱਸ ਦਈਏ ਕਿ ਜਦੋਂ ਉਹ ਆਖਰੀ ਵਾਰ ਵੇਖੀ ਗਈ ਤਾਂ ਉਸ ਨੇ ਚਿੱਟੀ ਟੀ-ਸ਼ਰਟ, ਸਲੇਟੀ ਟਰੈਕ ਪੈਂਟ ਤੇ ਕਾਲੀਆਂ ਫਲਿਪ-ਫਲੌਪਸ ਪਾਈਆਂ ਹੋਈਆਂ ਸਨ। ਉਸਦੀ ਲੰਬਾਈ ਲਗਭਗ 5 ਫੁੱਟ 4 ਇੰਚ ਅਤੇ ਵਜ਼ਨ 150 ਪਾਊਂਡ ਦੱਸਿਆ ਗਿਆ ਹੈ। ਮੱਥੇ ਦੇ ਖੱਬੇ ਪਾਸੇ ਇਕ ਨਿਸ਼ਾਨ ਵੀ ਹੈ। ਇਸ ਦੌਰਾਨ ਹੌਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੁਲਸ ਨੇ ਭਾਰਤ ਵਿਚ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਰਿਸ਼ਤੇਦਾਰ ਸਾਹਮਣੇ ਨਹੀਂ ਆਇਆ। ਪਰਿਵਾਰਕ ਸਬੰਧੀ ਕੋਈ ਵੀ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ, ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਵੀ ਮਾਰਚ ਮਹੀਨੇ ਸਾਹਮਣੇ ਆਇਆ ਸੀ ਜਦੋਂ ਸੁਦੀਕਸ਼ਾ ਕੋਨਾਂਕੀ ਨਾਂ ਦੀ ਭਾਰਤੀ ਵਿਦਿਆਰਥਣ ਡੋਮਿਨਿਕਨ ਰਿਪਬਲਿਕ ਵਿਚ ਛੁੱਟੀਆਂ ਦੌਰਾਨ ਲਾਪਤਾ ਹੋ ਗਈ ਸੀ। ਦੋਵੇਂ ਮਾਮਲਿਆਂ ਵਿਚ ਕੁਝ ਸਮਾਨਤਾ ਦੇਖਦਿਆਂ ਪੁਲਿਸ ਵੱਲੋਂ ਜਾਂਚ ਹੋਰ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਸਿਮਰਨ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਸਿਮਰਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।


author

Sunaina

Content Editor

Related News