ਟਰਬਨਜ਼ ਫਾਰ ਆਸਟ੍ਰੇਲੀਆ ਵੱਲੋਂ ਕਰਵਾਏ ਸਮਾਗਮ ’ਚ ਪੁੱਜੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਜੈਸਮੀਨ ਭਸੀਨ

Monday, Aug 19, 2024 - 10:25 AM (IST)

ਟਰਬਨਜ਼ ਫਾਰ ਆਸਟ੍ਰੇਲੀਆ ਵੱਲੋਂ ਕਰਵਾਏ ਸਮਾਗਮ ’ਚ ਪੁੱਜੇ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਜੈਸਮੀਨ ਭਸੀਨ

ਮੈਲਬੌਰਨ (ਮਨਦੀਪ ਸਿੰਘ ਸੈਣੀ) - ਸਮਾਜਿਕ ਭਲਾਈ ਦੇ ਕੰਮ ਕਰ ਰਹੀ ਸੰਸਥਾ ਟਰਬਨਜ਼ ਫ਼ਾਰ ਆਸਟ੍ਰੇਲੀਆ ਵੱਲੋਂ ਮੈਲਬੌਰਨ ਦੇ ਥਾਮਸਟਾਊਨ ਇਲਾਕੇ ’ਚ ਕਰਵਾਏ ਗਏ ਸਮਾਗਮ ’ਚ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਕਲਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਪਹੁੰਚੇ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਅਮਰ ਸਿੰਘ ਸਿਡਨੀ ਨੇ ਆਏ ਹੋਏ ਮਹਿਮਾਨਾਂ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਅਤੇ ਸਿੱਖ ਧਰਮ ’ਚ ਲੋੜਵੰਦਾਂ ਦੀ ਸੇਵਾ ਕਰਨ ਦੇ ਫਲਸਫੇ ਨਾਲ ਇਹ ਸੰਸਥਾ ਬਣਾਈ ਗਈ ਹੈ। ਇਹ ਸੰਸਥਾ 2015 ਤੋਂ ਕਾਰਜਸ਼ੀਲ ਹੈ ਅਤੇ ਇਸ ਵੱਲੋਂ ਲੋੜਵੰਦ ਵਿਅਕਤੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਰਾਸ਼ਨ, ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ -ਸ਼ਿਵਾਨੀ ਕੁਮਾਰੀ ਨੇ ਲਵਕੇਸ਼ ਕਟਾਰੀਆ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਬਦਲੇ 'ਚ ਆਪਣੇ ਭਰਾ ਤੋਂ ਮਿਲਿਆ ਖਾਸ ਤੋਹਫਾ

ਇਸ ਮੌਕੇ ਫਿਲਮ ਬਾਰੇ ਅਦਾਕਾਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ‘ਸਰਬੱਤ ਦੇ ਭਲੇ’ ’ਚੋਂ ਹੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਦੇ ਵਕਫੇ ਤੋਂ ਬਾਅਦ ਬਹੁਤ ਮਿਹਨਤ ਨਾਲ ਇਹ ਫਿਲਮ ਦਰਸ਼ਕਾਂ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪਰਿਵਾਰਕ ਫਿਲਮ ਹੈ, ਜੋ ਸਮਾਜ ਨੂੰ ਇਕ ਚੰਗਾ ਸੁਨੇਹਾ ਵੀ ਦੇਵੇਗੀ। ਇਸ ਮੌਕੇ ਬੋਲਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਬਾਣੀ ਤੋਂ ਸੇਧ ਲੈ ਕੇ ਵਿਚਾਰ ਕਰਨ ਦੀ ਜੀਵਨ ਜਾਂਚ ਸਿੱਖਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

ਇਸ ਮੌਕੇ ਉਕਤ ਕਲਾਕਾਰਾਂ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਵੀ ਤਿਆਰ ਕੀਤੀ। ਸੰਸਥਾ ਵੱਲੋਂ ਆਏ ਹੋਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰਬਨਜ਼ ਫਾਰ ਆਸਟ੍ਰੇਲੀਆ ਦੇ ਵਾਲੰਟੀਅਰਾਂ ਤੋਂ ਇਲਾਵਾ ਸਿੱਪੀ ਗਰੇਵਾਲ, ਸਾਬ੍ਹੀ ਸਿੰਘ, ਬਲਵਿੰਦਰ ਲਾਲੀ, ਸ਼ਿੰਕੂ ਨਾਭਾ, ਭਾਨਾ ਯੂ.ਐੱਸ.ਏ. , ਕੁਲਬੀਰ ਕੈਮ, ਗੁਰਪ੍ਰੀਤ ਸਿੰਘ ਵਜ਼ੀਰ ਸਮੇਤ ਕਈ ਲੋਕ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News