'ਯੂਕ੍ਰੇਨ ਯੁੱਧ ਦੇ ਪਹਿਲੇ ਦੋ ਮਹੀਨਿਆਂ 'ਚ ਰੂਸੀ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਜਰਮਨੀ'
Thursday, Apr 28, 2022 - 01:16 PM (IST)
ਬਰਲਿਨ (ਏਜੰਸੀ): ਰੂਸ ਵੱਲੋਂ ਯੂਕ੍ਰੇਨ ‘ਤੇ ਹਮਲਾ ਕਰਨ ਤੋਂ ਬਾਅਦ ਪਹਿਲੇ ਦੋ ਮਹੀਨਿਆਂ ‘ਚ ਰੂਸੀ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਜਰਮਨੀ ਰਿਹਾ ਹੈ। ਇਕ ਸੁਤੰਤਰ ਅਧਿਐਨ ਸਮੂਹ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ' ਦੁਆਰਾ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਰੂਸ ਨੇ 24 ਫਰਵਰੀ ਤੋਂ ਲੈ ਕੇ ਹੁਣ ਤੱਕ ਜੈਵਿਕ ਬਾਲਣ ਦੇ ਨਿਰਯਾਤ ਤੋਂ 63 ਬਿਲੀਅਨ ਯੂਰੋ ਦੀ ਕਮਾਈ ਕੀਤੀ ਹੈ।
ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ। ਜਹਾਜ਼ ਦੀਆਂ ਗਤੀਵਿਧੀਆਂ, ਪਾਈਪਲਾਈਨਾਂ ਰਾਹੀਂ ਗੈਸ ਦੇ ਵਹਾਅ ਅਤੇ ਮਹੀਨਾਵਾਰ ਵਪਾਰ ਅਨੁਮਾਨਾਂ ਦੇ ਅੰਕੜਿਆਂ ਨੂੰ ਦੇਖਦੇ ਹੋਏ, ਖੋਜੀਆਂ ਨੇ ਦਾਅਵਾ ਕੀਤਾ ਕਿ ਯੁੱਧ ਦੇ ਪਹਿਲੇ ਦੋ ਮਹੀਨਿਆਂ ਵਿੱਚ ਇਕੱਲੇ ਜਰਮਨੀ ਨੇ ਰੂਸ ਨੂੰ ਜੈਵਿਕ ਈਂਧਨ ਲਈ ਲਗਭਗ 9.1 ਬਿਲੀਅਨ ਯੂਰੋ ਦਾ ਭੁਗਤਾਨ ਕੀਤਾ। 'ਜਰਮਨ ਇੰਸਟੀਚਿਊਟ ਫਾਰ ਇਕਨਾਮਿਕ ਰਿਸਰਚ' ਦੀ ਸੀਨੀਅਰ ਊਰਜਾ ਮਾਹਿਰ ਕਲਾਉਡੀਆ ਕੇਮਫਰਟ ਨੇ ਕਿਹਾ ਕਿ ਜੈਵਿਕ ਈਂਧਨ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਵਾਧੇ ਦੇ ਮੱਦੇਨਜ਼ਰ ਇਹ ਅੰਕੜੇ ਮੰਨਣਯੋਗ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਬਣਾਉਣ ਜਾ ਰਿਹਾ 'ਫਲੋਟਿੰਗ ਸਿਟੀ', ਰਹਿ ਸਕਣਗੇ 1 ਲੱਖ ਲੋਕ (ਤਸਵੀਰਾਂ)
ਪਿਛਲੇ ਸਾਲ ਜਰਮਨੀ ਨੇ ਤੇਲ, ਕੋਲਾ ਅਤੇ ਗੈਸ ਦੀ ਦਰਾਮਦ ਲਈ ਕੁੱਲ 100 ਬਿਲੀਅਨ ਯੂਰੋ ਦਾ ਭੁਗਤਾਨ ਕੀਤਾ, ਜਿਸ ਦਾ ਇੱਕ ਚੌਥਾਈ ਹਿੱਸਾ ਰੂਸ ਨੂੰ ਗਿਆ। ਕਲਾਉਡੀਆ ਕੇਮਫਰਟ ਖੋਜ ਟੀਮ ਵਿੱਚ ਨਹੀਂ ਸੀ। ਜਰਮਨੀ ਦੀ ਸਰਕਾਰ ਨੇ ਕਿਹਾ ਕਿ ਉਹ ਅਨੁਮਾਨਾਂ 'ਤੇ ਟਿੱਪਣੀ ਨਹੀਂ ਕਰ ਸਕਦੀ ਅਤੇ ਆਪਣੇ ਅੰਕੜੇ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੋਲਾ, ਤੇਲ ਅਤੇ ਗੈਸ ਖਰੀਦਣ ਵਾਲੀਆਂ ਕੰਪਨੀਆਂ ਇਹ ਜਾਣਕਾਰੀ ਦੇ ਸਕਦੀਆਂ ਹਨ। ਗੌਰਤਲਬ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ 'ਚ ਪ੍ਰੈੱਸ ਕਾਨਫਰੰਸ 'ਚ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਤੁਸੀਂ ਤੇਲ ਖਰੀਦ ਦਾ ਜ਼ਿਕਰ ਕੀਤਾ ਹੈ। ਜੇ ਤੁਸੀਂ ਰੂਸ ਤੋਂ ਊਰਜਾ ਖਰੀਦਣ ਦੀ ਗੱਲ ਕਰ ਰਹੇ ਹੋ... ਤਾਂ ਮੈਂ ਤੁਹਾਨੂੰ ਯੂਰਪ ਨੂੰ ਦੇਖਣ ਦਾ ਸੁਝਾਅ ਦੇਵਾਂਗਾ। ਵਿਚਾਰ ਕਰੋ, ਅਸੀਂ ਇੱਕ ਮਹੀਨੇ ਵਿੱਚ ਜਿੰਨਾ ਰੂਸੀ ਤੇਲ ਖਰੀਦਦੇ ਹਾਂ, ਯੂਰਪ ਦੁਪਹਿਰ ਤੱਕ ਇੱਕ ਦਿਨ ਵਿੱਚ ਖਰੀਦਦਾ ਹੈ।