ਜਰਮਨੀ ਦੀ ਉਰਸੁਲਾ ਬਣੀ ਯੂਰਪੀ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ
Wednesday, Jul 17, 2019 - 05:53 PM (IST)

ਬ੍ਰਸੇਲਸ (ਬਿਊਰੋ)— ਜਰਮਨੀ ਦੀ ਬਾਹਰ ਜਾਣ ਵਾਲੀ ਰੱਖਿਆ ਮੰਤਰੀ ਉਰਸੁਲਾ ਵੋਨ ਡੇਰ ਲੇਯੇਨ ਨੂੰ ਯੂਰਪੀ ਯੂਨੀਅਨ ਦੀ ਕਾਰਜਕਾਰੀ ਇਕਾਈ ਯੂਰਪੀ ਕਮਿਸ਼ਨ ਦੀ ਨਵੀਂ ਪ੍ਰਧਾਨ ਚੁਣਿਆ ਗਿਆ। ਉਰਸੁਲਾ ਇਸ ਅਹੁਦੇ 'ਤੇ ਕਾਬਿਜ਼ ਹੋਣ ਵਾਲੀ ਪਹਿਲੀ ਮਹਿਲਾ ਹੈ। ਉਹ 1 ਨਵੰਬਰ ਨੂੰ ਆਪਣਾ ਅਹੁਦਾ ਸੰਭਾਲੇਗੀ। ਇਸ ਤੋਂ ਇਕ ਦਿਨ ਪਹਿਲਾਂ ਮਤਲਬ 31 ਅਕਤੂਬਰ ਨੂੰ ਬ੍ਰਿਟੇਨ ਈ.ਯੂ. ਤੋਂ ਵੱਖ ਹੋ ਸਕਦਾ ਹੈ। ਅਜਿਹੇ ਵਿਚ ਉਰਸੁਲਾ ਦਾ ਪ੍ਰਧਾਨ ਬਣਨਾ ਮਹੱਤਵਪੂਰਣ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੀ ਕਰੀਬੀ ਅਤੇ ਕ੍ਰਿਸ਼ਚੀਅਨ ਯੂਨੀਅਨ ਦੀ ਮੈਂਬਰ ਉਰਸੁਲਾ ਈ.ਸੀ. ਵਿਚ ਲਾਡ ਜੰਕਰ ਦੀ ਜਗ੍ਹਾ ਲਵੇਗੀ।
ਇੱਥੇ ਦੱਸ ਦਈਏ ਕਿ ਯੂਰਪੀ ਸੰਸਦ ਵਿਚ ਮੰਗਲਵਾਰ ਨੂੰ ਹੋਈ ਗੁਪਤ ਵੋਟਿੰਗ ਵਿਚ ਉੁਰਸੁਲਾ ਨੂੰ 383 ਵੋਟ ਮਿਲੇ। ਉਰਸੁਲਾ ਨੂੰ ਵਧਾਈ ਦਿੰਦਿਆਂ ਮਰਕੇਲ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹੈ। ਬੀਤੇ 50 ਸਾਲਾਂ ਵਿਚ ਪਹਿਲੀ ਵਾਰ ਜਰਮਨੀ ਦੇ ਕਿਸੇ ਵਿਅਕਤੀ ਨੂੰ ਈ.ਸੀ. ਦਾ ਪ੍ਰਧਾਨ ਚੁਣਿਆ ਗਿਆ ਹੈ। ਜਿੱਤ ਦੇ ਬਾਅਦ ਯੂਰਪੀ ਸੰਸਦ ਵਿਚ ਆਪਣੇ ਸੰਬੋਧਨ ਵਿਚ ਉਰਸੁਲਾ ਨੇ ਲਿੰਗੀ ਸਮਾਨਤਾ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਔਰਤਾਂ 'ਤੇ ਹੋ ਰਹੀ ਹਿੰਸਾ ਨੂੰ ਈ.ਯੂ. ਦੀ ਅਪਰਾਧ ਸੂਚੀ ਵਿਚ ਰੱਖਿਆ ਜਾਵੇਗਾ। ਉਨ੍ਹਾਂ ਨੇ ਸ਼ਰਨਾਰਥੀਆਂ ਦੇ ਮੁੱਦੇ 'ਤੇ ਵੀ ਕੰਮ ਕਰਨ ਦੀ ਗੱਲ ਕੀਤੀ।