ਗੋਲੀਬਾਰੀ ਦੇ ਬਾਅਦ ਹੋਏ ਇਕਜੁੱਟਤਾ ਪ੍ਰਦਰਸ਼ਨ ''ਚ ਸ਼ਾਮਲ ਹੋਈ ਮਰਕੇਲ
Thursday, Oct 10, 2019 - 04:31 PM (IST)

ਬਰਲਿਨ (ਭਾਸ਼ਾ)— ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਸ਼ਾਂਤੀ ਪ੍ਰਦਰਸ਼ਨ ਲਈ ਬਰਲਿਨ ਦੇ ਮੁੱਖ ਪ੍ਰ੍ਰਾਰਥਨਾ ਸਥਲ 'ਤੇ ਬੁੱਧਵਾਰ ਦੇਰ ਰਾਤ ਇਕੱਠੇ ਹੋਏ ਲੋਕਾਂ ਨਾਲ ਸ਼ਾਮਲ ਹੋਈ। ਮਰਕੇਲ ਨੇ ਹਾਲੇ ਵਿਚ ਭਿਆਨਕ ਬੰਦੂਕ ਹਮਲੇ ਦੇ ਸ਼ਿਕਾਰ ਹੋਏ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਯਹੂਦੀ ਵਿਰੋਧੀ ਵਿਚਾਰਾਂ ਦਾ ਖੰਡਨ ਕੀਤਾ। ਯਹੂਦੀਆਂ ਦੇ ਪਵਿੱਤਰ ਦਿਨ 'ਯੋਮ ਕਿੱਪਰ' ਦੇ ਮੌਕੇ 'ਤੇ ਹੋਈ ਹਿੰਸਾ 'ਤੇ ਹਮਦਰਦੀ ਪ੍ਰਗਟ ਕਰਦਿਆਂ ਮਰੇਕਲ ਨੇ ਕਿਹਾ,''ਬਦਕਿਸਮਤੀ ਨਾਲ ਅੱਜ ਤੁਹਾਡੇ ਪਵਿੱਤਰ ਦਿਨ ਤੁਹਾਨੂੰ ਕੁਝ ਭਿਆਨਕ ਦੇਖਣਾ ਪਿਆ। ਦੋ ਲੋਕਾਂ ਦੀ ਮੌਤ ਹੋ ਗਈ ਅਤੇ ਜਰਮਨੀ ਵਿਚ ਯਹੂਦੀਆਂ 'ਤੇ ਹਮਲਾ ਹੋਇਆ।''
ਉਨ੍ਹਾਂ ਨੇ ਕਿਹਾ,''ਮੇਰਾ ਅਤੇ ਸਾਰੇ ਨੇਤਾਵਾਂ ਦਾ ਉਦੇਸ਼ ਹੈ ਕਿ ਤੁਸੀਂ ਸੁਰੱਖਿਅਤ ਰਹੋ, ਇਹ ਯਕੀਨੀ ਕਰਨ ਲਈ ਅਸੀਂ ਸਭ ਕੁਝ ਕਰੀਏ। ਅੱਜ ਦਾ ਦਿਨ ਦਿਖਾਉਂਦਾ ਹੈ ਕਿ ਇਹ ਕਦਮ ਲੋੜੀਂਦੇ ਨਹੀਂ ਹਨ ਅਤੇ ਸਾਨੂੰ ਹੋਰ ਜ਼ਿਆਦਾ ਕਰਨਾ ਹੋਵੇਗਾ।'' ਗੌਰਤਲਬ ਹੈ ਕਿ ਜਰਮਨੀ ਦੇ ਹਾਲੇ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਯਹੂਦੀ ਵਿਰੋਧੀ ਹਮਲੇ ਵਿਚ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਦੋ ਹੋਰ ਜ਼ਖਮੀ ਹੋ ਗਏ ਸਨ।