ਅਮਰੀਕਾ: ਜਾਰਜ ਫਲਾਇਡ ਦੇ ਕਤਲ ਦੀ ਵੀਡੀਓ ਬਨਾਉਣ ਵਾਲੀ ਡਾਰਨੇਲਾ ਨੂੰ ਮਿਲਿਆ ਵਿਸ਼ੇਸ਼ ਪੁਲਿਤਜ਼ਰ ਐਵਾਰਡ
Sunday, Jun 13, 2021 - 11:43 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਪਿਛਲੇ ਸਾਲ ਇੱਕ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਨੂੰ ਗੋਰੇ ਪੁਲਸ ਅਧਿਕਾਰੀ ਦੁਆਰਾ ਧੋਣ 'ਤੇ ਗੋਡਾ ਰੱਖਕੇ ਮਾਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦਰਦਨਾਕ ਘਟਨਾ ਨੂੰ ਇੱਕ ਕੁੜੀ ਡਾਰਨੇਲਾ ਫਰੇਜ਼ੀਅਰ ਨੇ ਆਪਣੇ ਮੋਬਾਈਲ ਫੋਨ ਕੈਮਰੇ ਵਿੱਚ ਕੈਦ ਕਰ ਲਿਆ ਸੀ। ਇਸ ਵੀਡੀਓ ਨੇ ਬਾਅਦ ਵਿੱਚ ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਿੱਚ ਕਾਨੂੰਨੀ ਤੌਰ 'ਤੇ ਮਦਦ ਵੀ ਕੀਤੀ ਸੀ। ਇਸ ਕੰਮ ਲਈ ਇਸ ਕੁੜੀ ਨੇ ਇਸ ਸਾਲ ਪੁਲਿਤਜ਼ਰ ਪੁਰਸਕਾਰ ਬੋਰਡ ਤੋਂ ਇੱਕ ਵਿਸ਼ੇਸ਼ ਪੁਰਸਕਾਰ ਜਿੱਤਿਆ ਹੈ।
ਇਹ ਬੋਰਡ, ਜੋ ਹਰ ਸਾਲ ਦੇਸ਼ ਭਰ ਵਿੱਚ ਮਹੱਤਵਪੂਰਣ ਪੱਤਰਕਾਰੀ ਦੇ ਕੰਮਾਂ ਨੂੰ ਸਨਮਾਨ ਦਿੰਦਾ ਹੈ, ਨੇ ਜਾਰਜ ਫਲਾਇਡ ਦੇ ਕਤਲ ਦੀ ਹਿੰਮਤ ਨਾਲ ਰਿਕਾਰਡਿੰਗ ਕਰਨ ਲਈ ਫਰੇਜ਼ੀਅਰ ਨੂੰ ਵੱਕਾਰੀ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਹੈ। ਇਸਦੀ ਵੀਡੀਓ ਨੇ ਵਿਸ਼ਵ ਭਰ ਵਿੱਚ ਪੁਲਸ ਦੀ ਬੇਰਹਿਮੀ ਨੂੰ ਉਜਾਗਰ ਕੀਤਾ। ਉਸ ਵੇਲੇ ਫਰੇਜ਼ੀਅਰ 17 ਸਾਲਾ ਦੀ ਸੀ ਜਦੋਂ ਉਸਨੇ ਪਿਛਲੇ ਸਾਲ ਮਈ ਵਿੱਚ ਮਿਨੀਐਪੋਲਿਸ ਦੇ ਪੁਲਸ ਅਧਿਕਾਰੀ ਡੇਰੇਕ ਚੌਵਿਨ ਦੁਆਰਾ ਫਲਾਈਡ ਦੀ ਜਾਨਲੇਵਾ ਗ੍ਰਿਫ਼ਤਾਰੀ ਰਿਕਾਰਡ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਅਜੀਬ ਮਾਮਲਾ : 'ਤਣਾਅ' ਦੂਰ ਕਰਨ ਲਈ ਸ਼ਖਸ ਨੇ 365ਵੇਂ ਦਿਨ ਬਰਫ਼ੀਲੀ ਝੀਲ 'ਚ ਮਾਰੀ ਛਾਲ
ਉਸਦੀ ਗ੍ਰਿਫ਼ਤਾਰੀ ਵੇਲੇ ਉਹ ਆਪਣੇ 9 ਸਾਲਾ ਦੇ ਚਚੇਰਾ ਭਰਾ ਨਾਲ ਕੱਪ ਫੂਡਜ਼ ਨੇੜੇ ਘੁੰਮ ਰਹੀ ਸੀ। ਘਟਨਾ ਸਥਾਨ 'ਤੇ ਉਸ ਦੇ ਸਬੂਤ ਵਾਇਰਲ ਹੋ ਗਏ ਸਨ ਅਤੇ ਵਿਸ਼ਵ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।ਅਮਰੀਕਾ ਦੀਆਂ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਫਰੇਜ਼ੀਅਰ ਨੂੰ "ਨਾਇਕ" ਵਜੋਂ ਦਰਸਾਇਆ ਹੈ ਅਤੇ ਉਸਦੇ ਹੌਂਸਲੇ ਨੂੰ ਸਲਾਹਿਆ ਹੈ। ਫਰੇਜ਼ੀਅਰ ਨੇ ਮਾਰਚ ਵਿੱਚ ਚੌਵਿਨ ਦੇ ਮੁਕੱਦਮੇ ਵਿੱਚ ਗਵਾਹੀ ਵੀ ਦਿੱਤੀ ਸੀ ਅਤੇ ਉਸਦੀ ਵੀਡੀਓ ਨੂੰ ਜਿਊਰੀ ਨੂੰ ਗਵਾਹੀ ਦੇ ਇੱਕ ਅਹਿਮ ਹਿੱਸੇ ਵਜੋਂ ਦਿਖਾਇਆ ਗਿਆ ਸੀ।