ਜੀ-7 ਸ਼ਿਖਰ ਸੰਮੇਲਨ : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਰੱਖਾਂਗੇ ਟੀਚਾ : ਜੋਹਨਸਨ

Monday, Jun 07, 2021 - 12:56 PM (IST)

ਜੀ-7 ਸ਼ਿਖਰ ਸੰਮੇਲਨ  : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਾਉਣ ਦਾ ਰੱਖਾਂਗੇ ਟੀਚਾ : ਜੋਹਨਸਨ

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਜੀ-7 ਸ਼ਿਖਰ ਸੰਮੇਲਨ ’ਚ ਸਬੰਧਤ ਦੇਸ਼ਾਂ ਦੇ ਨੇਤਾਵਾਂ ਤੋਂ ਇਹ ਪ੍ਰਤੀਬੱਧਤਾ ਪ੍ਰਗਟਾਉਣ ਦੀ ਅਪੀਲ ਕਰਨਗੇ ਕਿ ਉਹ 2022 ਦੇ ਅਖੀਰ ਤਕ ਵਿਸ਼ਵ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਜਾਵੇ, ਤਾਂ ਕਿ ਇਸ ਮਹਾਮਾਰੀ ਨੂੰ ਹਰਾਇਆ ਜਾ ਸਕੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ। ਕਾਰਨਵਾਲ ’ਚ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੀ ਇਹ ਬੈਠਕ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਜੀ-7 ਨੇਤਾਵਾਂ ਦੀ ਪਹਿਲੀ ਮੁਲਾਕਾਤ ਹੈ ਤੇ ਸੰਮੇਲਨ ਦੇ ਪ੍ਰਧਾਨ ਦੇ ਤੌਰ ’ਤੇ ਬ੍ਰਿਟੇਨ ਨੇ ਵਿਸ਼ਵ ਦੀਆਂ ਮੁੱਖ ਅਰਥਵਿਵਸਥਾਵਾਂ ਦੀ ਬੈਠਕ ਦੇ ਕੇਂਦਰੀ ਵਿਸ਼ਿਆਂ ’ਚ ਟੀਕਿਆਂ ਦੀ ਸਪਲਾਈ ਅਤੇ ਉਨ੍ਹਾਂ ਤਕ ਬਰਾਬਰ ਪਹੁੰਚ ਦਾ ਸਮਰਥਨ ਕਰਨ ਦੇ ਨਾਲ ਹੀ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਤੇ ਜ਼ਿਆਦਾ ਬੱਚਿਆਂ ਨੂੰ ਸਕੂਲ ਤੱਕ ਪਹੁੰਚਾਉਣ ਨੂੰ ਰੇਖਾਂਕਿਤ ਕੀਤਾ ਹੈ।

ਇਹ ਵੀ ਪੜ੍ਹੋ : ਕਿਰਾਏ ਨੂੰ ਲੈ ਕੇ ਹੋਇਆ ਵਿਵਾਦ, ਬਜ਼ੁਰਗ ਜੋੜੇ ਦਾ ਕਤਲ ਕਰ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸ਼ੀ

ਭਾਰਤ ਨੂੰ ਇੱਕ ਮਹਿਮਾਨ ਰਾਸ਼ਟਰ ਵਜੋਂ ਸੱਦਾ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜੀਟਲ ਤਰੀਕੇ ਨਾਲ ਹਿੱਸਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ। ਜਾਨਸਨ ਨੇ ਸ਼ਨੀਵਾਰ ਇੱਕ ਬਿਆਨ ’ਚ ਕਿਹਾ, ‘‘ਅਗਲਾ ਹਫਤਾ ਵਿਸ਼ਵ ਦੇ ਮਹਾਨ ਲੋਕਤੰਤਰਿਕ ਦੇਸ਼ਾਂ ਦੇ ਨੇਤਾਵਾਂ ਨੂੰ ਇਕੱਠੇ ਕਰੇਗਾ, ਜੋ ਸਾਡੇ ਦੇਸ਼ਾਂ ਅਤੇ ਧਰਤੀ ਲਈ ਇਕ ਇਤਿਹਾਸਕ ਪਲ ਹੋਵੇਗਾ।’’ ਵਿਸ਼ਵ ਯੁੱਧ ਤੋਂ ਬਾਅਦ ਦੇ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਲਈ ਦੁਨੀਆ ਸਾਡੇ ਵੱਲ ਦੇਖ ਰਹੀ ਹੈ-ਕੋਰੋਨਾ ਨੂੰ ਹਰਾਉਣਾ ਅਤੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਵਿਸ਼ਵ ਪੱਧਰੀ ਸੁਧਾਰਾਂ ਦੀ ਅਗਵਾਈ ਕਰਨ ਲਈ ਅੱਗੇ ਵਧਣਾ ਹੈ। ਉਨ੍ਹਾਂ ਕਿਹਾ, “ਅਗਲੇ ਸਾਲ ਦੇ ਅਖੀਰ ਤੱਕ ਵਿਸ਼ਵ ਦਾ ਟੀਕਾਕਰਨ ਮੈਡੀਕਲ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਮੈਂ ਆਪਣੇ ਸਾਥੀ ਜੀ-7 ਨੇਤਾਵਾਂ ਨੂੰ ਇਸ ਭਿਆਨਕ ਬੀਮਾਰੀ ਦੇ ਖ਼ਾਤਮੇ ਲਈ ਸਾਡੇ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ ਤੇ ਸੰਕਲਪ ਪ੍ਰਗਟ ਕਰਦਾ ਹਾਂ ਕਿ ਕੋਰੋਨਾ ਵਾਇਰਸ ਕਾਰਨ ਜਿਹੋ ਜਿਹੀ ਤਬਾਹੀ ਹੋਈ ਹੈ, ਅਸੀਂ ਕਦੀ ਵੀ ਉਸ ਦਾ ਦੁਹਰਾਅ ਨਹੀਂ ਹੋਣ ਦੇਵਾਂਗੇ।’’
 ਬਿਆਨ ’ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਵਿਸ਼ਵ ਦੇ ਸਭ ਤੋਂ ਗਰੀਬ ਅਤੇ ਕਮਜ਼ੋਰ ਲੋਕਾਂ ਤਕ ਟੀਕੇ ਦੀ ਪਹੁੰਚ ਯਕੀਨੀ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਪੇਸ਼ ਕਰਨ ਦੀ ਇੱਛੁਕ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਵੇਲੇ ਬ੍ਰਿਟੇਨ ਨੇ ਆਕਸਫੋਰਡ-ਐਸਟਰਾਜ਼ੇਨੇਕਾ ਟੀਕਾ ਦੇ ਵਿਕਾਸ ਅਤੇ ਉਤਪਾਦਨ ਲਈ ਫੰਡ ਮੁਹੱਈਆ ਕਰਵਾਏ ਅਤੇ ਇਹ ਯਕੀਨੀ ਕੀਤਾ ਕਿ ਇਸ ਨੂੰ ਵਿਸ਼ਵ ਭਰ ਵਿਚ ਘੱਟ ਕੀਮਤ ’ਤੇ ਉਪਲੱਬਧ ਕਰਵਾਇਆ ਜਾਵੇਗਾ, ਇਸ ਦਾ ਨਤੀਜਾ ਇਹ ਹੈ ਕਿ ਵਿਸ਼ਵ ’ਚ ਕੋਵਿਡ ਦੇ ਵਿਰੁੱਧ ਬਚਾਅ ਲਈ ਵਰਤੇ ਜਾਣ ਵਾਲੇ ਹਰ ਤਿੰਨ ਟੀਕਿਆਂ ’ਚੋਂ ਇਕ ਆਕਸਫੋਰਡ-ਐਸਟਰਾਜ਼ੇਨੇਕਾ ਦਾ ਹੈ। ਇਸ ਦੀਆਂ ਕੁੱਲ 1.5 ਅਰਬ ਖੁਰਾਕਾਂ ’ਚੋਂ 450 ਮਿਲੀਅਨ ਖੁਰਾਕਾਂ ਹਨ। ਭਾਰਤ ’ਚ ਵੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਕੋਵੀਸ਼ੀਲਡ ਦੇ ਨਾਂ ਹੇਠ ਇਸ ਨੂੰ ਤਿਆਰ ਕਰਨ ਦਾ ਲਾਇਸੈਂਸ ਦਿੱਤਾ ਗਿਆ ਹੈ।


author

Manoj

Content Editor

Related News