ਭਾਰਤ ਦੇ ਜੀ-20 ਏਜੰਡੇ ਨੂੰ ਪੂਰਾ ਸਮਰਥਨ: IMF
Saturday, Dec 03, 2022 - 04:00 PM (IST)

ਵਾਸ਼ਿੰਗਟਨ (ਏਜੰਸੀ)- ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਉਹ ਭਾਰਤ ਦੇ ਜੀ-20 ਏਜੰਡੇ ਦਾ 'ਪੂਰਾ ਸਮਰਥਨ' ਕਰ ਰਿਹਾ ਹੈ, ਜੋ ਮੌਜੂਦਾ ਆਲਮੀ ਸੰਕਟਾਂ ਨਾਲ ਜੁੜੇ ਮੁੱਦਿਆਂ 'ਤੇ ਸਹਿਮਤੀ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜਿਨ੍ਹਾਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਭਾਰਤ ਨੇ ਵੀਰਵਾਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲ ਲਈ ਹੈ। ਆਈ.ਐੱਮ.ਐੱਫ. ਦੇ ਨੀਤੀ ਸਮੀਖਿਆ ਵਿਭਾਗ ਦੀ ਡਾਇਰੈਕਟਰ ਸੇਲਾ ਪਜ਼ਾਰਬਾਸੀਓਗਲੂ ਨੇ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਅਤੇ ਚੀਨ ਦੀ ਆਪਣੀ ਯਾਤਰਾ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, "ਉਹ (ਭਾਰਤ) ਵਧੇਰੇ ਖੁਸ਼ਹਾਲ ਭਵਿੱਖ ਲਈ ਇੱਕ ਸਮੂਹਿਕ ਏਜੰਡਾ ਇਕੱਠਾ ਰੱਖ ਰਹੇ ਹਨ।"
ਉਨ੍ਹਾਂ ਨੇ ਵੀਰਵਾਰ ਨੂੰ ਕਿਹਾ, "ਉਹ (ਭਾਰਤ) ਚੱਲ ਰਹੇ (ਗਲੋਬਲ) ਸੰਕਟਾਂ ਨਾਲ ਜੁੜੇ ਉਨ੍ਹਾਂ ਮੁੱਦਿਆਂ 'ਤੇ ਸਹਿਮਤੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।" ਪਜ਼ਾਰਬਾਸੀਓਗਲੂ ਜ਼ਾਹਿਰ ਤੌਰ 'ਤੇ ਰੂਸ-ਯੂਕਰੇਨ ਯੁੱਧ ਕਾਰਨ ਪੈਦਾ ਹੋਏ ਭੋਜਨ ਅਤੇ ਊਰਜਾ ਸੰਕਟ ਦਾ ਜ਼ਿਕਰ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਜੀ-20 ਏਜੰਡੇ ਦਾ ਆਈ.ਐੱਮ.ਐੱਫ. "ਪੂਰਾ ਸਮਰਥਨ" ਕਰਦਾ ਹੈ। ਜੀ-20 ਦੀ ਭਾਰਤ ਦੀ ਪ੍ਰਧਾਨਗੀ ਦਾ ਵਿਸ਼ਾ ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਹੈ। ਆਈ. ਐੱਮ. ਐੱਫ. ਅਧਿਕਾਰੀ ਨੇ ਕਿਹਾ, "ਇਸਦਾ ਮਤਲਬ ਇਹ ਹੈ ਕਿ ਭਾਰਤ ਮਤਭੇਦਾਂ ਨੂੰ ਦੂਰ ਕਰਨ ਅਤੇ ਸਥਾਨਕ ਪੱਧਰ, ਸੰਘੀ ਪੱਧਰ, ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਨ ਦੀ ਜ਼ਰੂਰਤ ਨੂੰ ਪਹਿਲ ਦੇ ਰਿਹਾ ਹੈ।" ਉਨ੍ਹਾਂ ਕਿਹਾ ਕਿ ਭਾਰਤ ਨੇ ਬਾਲੀ, ਇੰਡੋਨੇਸ਼ੀਆ ਵਿੱਚ ਜੀ-20 ਦੇ ਐਲਾਨ ਨੂੰ ਅੰਜਾਮ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।