ਫਰਿਜ਼ਨੋ ''ਚ ਟਰੰਪ ਦੇ ਹੱਕ ''ਚ ਕੱਢੀ ਗਈ ਵਾਹਨ ਰੈਲੀ
Tuesday, Nov 17, 2020 - 09:52 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮਿਲੀ ਹਾਰ 'ਤੇ ਡੋਨਾਲਡ ਟਰੰਪ ਵੱਲੋਂ ਚੋਣ ਨਤੀਜਿਆਂ ਵਿਚ ਧੋਖਾਧੜੀ ਦੇ ਦਾਅਵੇ ਕਰਨ Sਤੋਂ ਬਾਅਦ ਦੇਸ਼ ਵਿਚ ਟਰੰਪ ਹਮਾਇਤੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਟਰੰਪ ਦੇ 2020 ਦੇ ਚੋਣ ਨਤੀਜਿਆਂ ਦੇ ਵਿਰੋਧ ਦੇ ਸਮਰਥਨ ਵਿਚ, ਵਾਸ਼ਿੰਗਟਨ, ਡੀ. ਸੀ. ਵਿਚ ਹਜ਼ਾਰਾਂ ਸਮਰਥਕਾਂ ਵਲੋਂ ਸੜਕਾਂ 'ਤੇ ਉਤਰਨ ਤੋਂ ਇਕ ਦਿਨ ਬਾਅਦ, ਐਤਵਾਰ ਨੂੰ ਕੈਲੀਫੋਰਨੀਆ ਦੇ ਫਰਿਜ਼ਨੋ ਖੇਤਰ ਦੇ ਦਰਜਨਾਂ ਵਿਅਕਤੀਆਂ ਨੇ ਕਲੋਵਿਸ ਤੋਂ ਸ਼ੇਵਰ ਲੇਕ ਤੱਕ ਵਾਹਨ ਪਰੇਡ ਵਿਚ ਹਿੱਸਾ ਲਿਆ।
ਪ੍ਰਬੰਧਕਾਂ ਨੇ ਇਸ ਨੂੰ "ਸਾਡੇ ਰਾਸ਼ਟਰਪਤੀ ਦਾ ਸਮਰਥਨ ਕਰਨ ਲਈ ਇਕ ਹੋਰ ਪਰੇਡ" ਦੱਸਿਆ। ਇਸ ਪ੍ਰਦਰਸ਼ਨ ਵਿਚ ਤਕਰੀਬਨ 50 ਵਾਹਨਾਂ ਨੇ ਹਿੱਸਾ ਲਿਆ। ਇਸ ਪਰੇਡ ਵਿਚ ਸ਼ਾਮਿਲ ਲੋਕਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ, ਇਸ ਦੌਰਾਨ ਹਿੱਸਾ ਲੈਣ ਵਾਲੀ ਇਕ ਟਰੰਪ ਹਮਾਇਤੀ ਅਨੁਸਾਰ ਉਹ ਚੋਰੀ ਰੋਕਣ ਲਈ ਇਥੇ ਹਨ ਕਿਉਂਕਿ ਚੋਣਾਂ ਸਹੀ ਢੰਗ ਨਾਲ ਗਿਣੀਆਂ ਨਹੀਂ ਗਈਆਂ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਸ਼ਟਰਪਤੀ ਦੀ ਹਮਾਇਤ ਕਰਨ ਵਾਲੀ ਭੀੜ ਨੇ ਵਾਸ਼ਿੰਗਟਨ ਵਿਚ ਚੋਣ ਨਤੀਜਿਆਂ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵੱਲ ਮਾਰਚ ਕੀਤਾ। ਜਿਸ ਵਿਚ ਰਾਤ ਵੇਲੇ ਹੋਈਆਂ ਝੜਪਾਂ ਕਾਰਨ 20 ਤੋਂ ਵੱਧ ਗ੍ਰਿਫ਼ਤਾਰ ਕੀਤੇ ਗਏ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕਈ ਹੋਰ ਸ਼ਹਿਰਾਂ ਵਿੱਚ ਵੀ ਟਰੰਪ ਦੇ ਸਮਰਥਕਾਂ ਦਾ ਇਕੱਠ ਵੇਖਿਆ ਗਿਆ ਜੋ ਡੈਮੋਕ੍ਰੇਟ ਜੋਅ ਬਾਈਡੇਨ ਦੀ ਜਿੱਤ ਨੂੰ ਜਾਇਜ਼ ਮੰਨਣ ਨੂੰ ਤਿਆਰ ਨਹੀਂ ਹਨ।