ਫਰਿਜ਼ਨੋ ਕਾਉਂਟੀ ''ਚ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਆਈ ਗਿਰਾਵਟ

Saturday, Jan 30, 2021 - 05:51 PM (IST)

ਫਰਿਜ਼ਨੋ ਕਾਉਂਟੀ ''ਚ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਆਈ ਗਿਰਾਵਟ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਕਾਉਂਟੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। 

ਇਸ ਸੰਬੰਧੀ ਸਿਹਤ ਵਿਭਾਗ ਅਨੁਸਾਰ ਕਾਉਂਟੀ ਦੇ ਰੋਜ਼ਾਨਾ ਦੇ ਵੱਧਦੇ ਨਵੇਂ ਕੋਰੋਨਾ ਮਾਮਲਿਆਂ ਦੀ ਔਸਤਨ ਗਿਣਤੀ ਪਿਛਲੇ ਦੋ ਹਫਤਿਆਂ ਦੌਰਾਨ ਅੱਧੀ ਰਹਿ ਗਈ ਹੈ, ਜੋ ਕਿ ਕੋਰੋਨਾ ਵਾਇਰਸ ਦੀ ਸਥਿਤੀ ਵਿਚ ਸੁਧਾਰ ਦਾ ਸੰਕੇਤ ਹੈ।

ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਵੀਰਵਾਰ ਨੂੰ ਫਰਿਜ਼ਨੋ ਕਾਉਂਟੀ ਵਿਚ ਕੋਰੋਨਾ ਵਾਇਰਸ ਦੇ 213 ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਹੈ। ਪਿਛਲੇ 7 ਦਿਨਾਂ ਵਿਚ ਹਰ ਰੋਜ਼ ਔਸਤਨ 470 ਨਵੇਂ ਮਾਮਲੇ ਦਰਜ ਹੋ ਰਹੇ ਸਨ। ਇਸ ਦੇ ਇਲਾਵਾ 14 ਜਨਵਰੀ ਨੂੰ ਪਹਿਲੇ 7 ਦਿਨਾਂ ਦੀ ਔਸਤ ਪ੍ਰਤੀ ਦਿਨ 982 ਮਾਮਲੇ ਸਨ। 

ਇਸ ਮਹੀਨੇ ਫਰਿਜ਼ਨੋ ਕਾਉਂਟੀ ਵਿਚ ਤਕਰੀਬਨ 21,500 ਤੋਂ ਵੱਧ ਕੋਰੋਨਾ ਮਾਮਲੇ ਦਰਜ ਹੋਏ ਹਨ। ਫਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਅਨੁਸਾਰ ਵੀਰਵਾਰ ਦੀ ਦੁਪਹਿਰ ਤੱਕ ਖੇਤਰ ਵਿਚ ਕੋਈ ਨਵੀਂ ਕੋਰੋਨਾ ਮੌਤ ਦਰਜ ਨਹੀਂ ਹੋਈ ਹੈ। ਹਾਲਾਂਕਿ ਇਸ ਹਫ਼ਤੇ ਤੱਕ ਸਿਹਤ ਅਧਿਕਾਰੀਆਂ ਵਲੋਂ ਵਾਇਰਸ ਨਾਲ 79 ਮੌਤਾਂ ਦੀ ਪੁਸ਼ਟੀ ਕੀਤੀ ਗਈ ਸੀ। ਸਿਹਤ ਅਧਿਕਾਰੀਆਂ ਅਨੁਸਾਰ ਪਿਛਲੀ ਬਸੰਤ ਰੁੱਤ ਤੋ ਕੋਰੋਨਾ ਵਾਇਰਸ ਨਾਲ ਹੋਈਆਂ ਕੁੱਲ 1,122 ਜਾਨਾਂ ਵਿਚੋਂ 411 ਜਨਵਰੀ ਵਿਚ ਹੋਈਆਂ ਹਨ।


author

Sanjeev

Content Editor

Related News