ਫਰਿਜ਼ਨੋ ਸਿਟੀ ਕਾਲਜ ''ਚ ਮਨਾਇਆ ਗਿਆ ''ਏਸ਼ੀਅਨ ਫੀਸਟ'', ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ

05/03/2022 9:39:18 AM

ਫਰਿਜ਼ਨੋ/ਕੈਲੀਫੋਰਨੀਆ (ਨੀਟਾ ਮਾਛੀਕੇ): ਫਰਿਜ਼ਨੋ ਸਿਟੀ ਕਾਲਜ ਵਿੱਚ ਹਰ ਸਾਲ ਸਮੁੱਚੇ ਏਸ਼ੀਅਨ ਭਾਈਚਾਰੇ ਵੱਲੋਂ “ਏਸ਼ੀਅਨ ਫੀਸਟ” ਮਈ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਜਿੱਥੇ ਸਾਰੇ ਏਸ਼ੀਆਈ, ਅਮਰੀਕੀ ਆਪਣੇ-ਆਪਣੇ ਸੱਭਿਆਚਾਰਾਂ ਨਾਲ ਇਕੱਠੇ ਹੁੰਦੇ ਹਨ। ਇਸੇ ਦੌਰਾਨ ਏਸ਼ੀਅਨ ਭਾਈਚਾਰੇ ਦੇ ਕਲਾਕਾਰ ਆਪਣੀਆਂ ਕਲਾਤਮਿਕ ਕਲਾਵਾਂ ਅਤੇ ਭਾਈਚਾਰਕ ਸਾਂਝਾ ਦਾ ਖੁੱਲ੍ਹਾ ਪ੍ਰਦਰਸ਼ਨ ਕਰਦੇ ਹਨ। ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਹਾਜ਼ਰ ਲੋਕ ਵੱਖ-ਵੱਖ ਏਸ਼ੀਆਈ ਪਕਵਾਨਾਂ, ਪ੍ਰਦਰਸ਼ਨੀਆਂ ਦਾ ਅਨੰਦ ਮਾਣਦੇ ਹਨ।

ਇਸ ਸਾਲ ਸਿਟੀ ਕਾਲਜ ਦੇ ਡੀਨ ਸ. ਗੁਰਮਿੰਦਰ ਸਿੰਘ ਸੰਘਾ ਦੇ ਸਹਿਯੋਗ ਨਾਲ ‘ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ’ ਅਤੇ ‘ਜੈਕਾਰਾ’ ਲਹਿਰ ਦੇ ਸਮੂਹ ਮੈਂਬਰਾਂ ਨੇ ਅਮਰੀਕਨ ਸਿੱਖ ਸੰਗਤ ਦੇ ਸਹਿਯੋਗ ਨਾਲ ਆਪਣੀਆਂ ਸਿੱਖ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨੂੰ ਸਟੇਜ 'ਤੇ ਲਾਈਵ ਪੇਸ਼ ਕੀਤਾ। ਫਰਿਜ਼ਨੋ ਕਾਉਂਟੀ, ਸਿਟੀ ਕਾਲਜ ਅਤੇ ਹੋਰ ਸ਼ਾਮਲ ਅਧਿਕਾਰੀਆਂ ਨੂੰ ਆਪਣੀ ਪਹਿਚਾਣ ਬਣਾਉਂਦੇ ਹੋਏ ਸਨਮਾਨ ਵੀ ਦਿੱਤੇ ਗਏ। ਇਹ ਪ੍ਰੋਗਰਾਮ ਅਜੀਤ ਸਿੰਘ ਦੀ ਅਗਵਾਈ ਵਿੱਚ ਲਾਈਵ ਗੱਤਕਾ (ਸਿੱਖ ਮਾਰਸ਼ਲ ਆਰਟ) ਦੇ ਪ੍ਰਦਰਸ਼ਨ ਨਾਲ ਸ਼ੁਰੂ ਹੋਇਆ। ਜਿਸ ਤੋਂ ਬਾਅਦ ਜਸਕੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਸਿੱਖਾਂ ਦੀ ਪਛਾਣ ਕਰਨ ਬਾਰੇ ਪੇਸ਼ਕਾਰੀ ਦਿੱਤੀ।

ਇਸ ਤੋਂ ਬਾਅਦ ‘ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆ’ ਦੀ ਨੁਮਾਇੰਦਗੀ ਕਰਦੇ ਹੋਏ ਸ. ਸੁਖਦੇਵ ਸਿੰਘ ਚੀਮਾ ਅਤੇ ਰਾਜਵਿੰਦਰਪਾਲ ਸਿੰਘ ਬਰਾੜ ਦੀ ਅਗਵਾਈ 'ਚ ਸਿੱਖ ਵਲੰਟੀਅਰਾਂ ਨੇ ਦਸਤਾਰ ਸਜਾਉਣ ਦਾ ਪ੍ਰਦਰਸ਼ਨ ਕੀਤਾ। ਸਿਟੀ ਕਾਲਜ, ਫਰਿਜ਼ਨੋ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀਆਂ ਦੇ ਨਾਲ-ਨਾਲ ਪੁਲਸ ਅਧਿਕਾਰੀਆਂ ਨੇ ਵੀ ਸਟੇਜ 'ਤੇ ਲਾਈਵ ਦਸਤਾਰ ਸਜਾਉਣ ਵਾਲੇ ਪ੍ਰੋਗਰਾਮ ਹਿੱਸਾ ਲਿਆ। ਇਸੇ ਦੌਰਾਨ ਸਿਟੀ ਕਾਲਜ ਦੇ ਡੀਨ ਸ. ਗੁਰਮਿੰਦਰ ਸਿੰਘ ਸੰਘਾ ਨੇ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਏਸ਼ੀਅਨ ਫ਼ੀਸਟ ਆਪਸੀ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦੀ ਹੋਈ ਯਾਦਗਾਰੀ ਹੋ ਨਿਬੜੀ। 


cherry

Content Editor

Related News