ਆਜ਼ਾਦੀ ਜਾਂ ਬਰਬਾਦੀ, ਪੰਜਾਬ ਦਾ 1947 ਦਾ ਅਸਲ ਸੱਚ

Saturday, Aug 16, 2025 - 05:21 AM (IST)

ਆਜ਼ਾਦੀ ਜਾਂ ਬਰਬਾਦੀ, ਪੰਜਾਬ ਦਾ 1947 ਦਾ ਅਸਲ ਸੱਚ

ਇੰਟਰਨੈਸ਼ਨਲ ਡੈਸਕ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ) : 15 ਅਗਸਤ 1947, ਜਦੋਂ ਪੂਰਾ ਭਾਰਤ ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉਸੇ ਵੇਲੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਸੀ। ਲਾਲ ਕਿਲ੍ਹੇ ਤੋਂ ਆਜ਼ਾਦੀ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸਨ, ਪਰ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਚੀਖਾਂ, ਅੱਗ ਅਤੇ ਖੂਨ ਦੀਆਂ ਨਦੀ ਵਹਿ ਰਹੀਆਂ ਸਨ। ਅੰਗਰੇਜ਼ੀ ਹਕੂਮਤ ਦੀ ਵੰਡ ਦੀ ਸਾਜ਼ਿਸ਼ ਅਤੇ ਮੁਸਲਿਮ ਲੀਗ ਦੇ ਮੁਹੰਮਦ ਅਲੀ ਜਿਨਾਹ, ਕਾਂਗਰਸ ਦੇ ਜਵਾਹਰ ਲਾਲ ਨਹਿਰੂ ਵਰਗੇ ਨੇਤਾਵਾਂ ਦੀ ਸੱਤਾ-ਲਾਲਚੀ ਚਾਲਾਂ ਨੇ ਇੱਕ ਪਲ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਘਰ-ਵਤਨ ਤੋਂ ਬੇਘਰ ਕਰ ਦਿੱਤਾ। ਵੰਡ ਨੇ ਸਿਰਫ਼ ਸਰਹੱਦਾਂ ਨਹੀਂ ਖਿੱਚੀਆਂ, ਸਗੋਂ ਪਰਿਵਾਰਾਂ ਦੇ ਦਿਲਾਂ ਵਿੱਚ ਵੀ ਡੂੰਘੀਆਂ ਖਾਈਆਂ ਪਾ ਦਿੱਤੀਆਂ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਛੀਨਾ ਦੇ ਘਰ ਪਹੁੰਚ, ਹਾਲ-ਚਾਲ ਜਾਣਿਆ

ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ, ਪੂਰਬੀ ਪੰਜਾਬ ਭਾਰਤ ਵਿੱਚ ਅਤੇ ਪੱਛਮੀ ਪੰਜਾਬ ਪਾਕਿਸਤਾਨ ਵਿੱਚ। ਸਰਕਾਰੀ ਅੰਦਾਜ਼ੇ ਮੁਤਾਬਕ ਲਗਭਗ 1.4 ਕਰੋੜ ਲੋਕਾਂ ਨੂੰ ਆਪਣੀ ਧਰਤੀ ਛੱਡਣੀ ਪਈ। ਅਣਗਿਣਤ ਲੋਕ ਧਾਰਮਿਕ ਤੇ ਨਸਲੀ ਹਿੰਸਾ ਦਾ ਸ਼ਿਕਾਰ ਹੋਏ। ਲੱਖਾਂ ਮਰਦ, ਔਰਤਾਂ ਅਤੇ ਬੱਚੇ ਮਾਰੇ ਗਏ। ਕੱਲ੍ਹ ਤੱਕ ਜਿਹੜੇ ਵੱਡੇ ਜ਼ਮੀਨਦਾਰ, ਵਪਾਰੀ ਤੇ ਅਮੀਰ ਲੋਕ ਸਨ, ਉਹ ਇੱਕ ਰਾਤ ਵਿੱਚ ਸਿਰਫ਼ ਕੱਪੜਿਆਂ ਤੱਕ ਰਹਿ ਗਏ। ਖੇਤ-ਖਲਿਹਾਣ, ਘਰ, ਦੁਕਾਨਾਂ, ਕਾਰਖ਼ਾਨੇ ਸਭ ਬਰਬਾਦ ਹੋ ਗਏ। ਲੋਕਾਂ ਨੇ ਆਪਣੀ ਜਿੰਦ ਬਚਾਉਣ ਲਈ ਰਾਤੋ-ਰਾਤ ਸਭ ਕੁਝ ਪਿੱਛੇ ਛੱਡ, ਕੱਪੜਿਆਂ ਦੀ ਪੋਟਲੀ ਲੈ ਕੇ ਚਾਲੇ ਪਾ ਦਿੱਤੇ। ਸਭ ਤੋਂ ਦੁਖਦਾਈ ਕਹਾਣੀਆਂ ਉਹ ਸਨ ਜਿਨ੍ਹਾਂ ਵਿੱਚ ਬੱਚੇ ਆਪਣੇ ਮਾਪਿਆਂ ਤੋਂ ਵਿਛੜ ਗਏ, 14-15 ਸਾਲ ਦੀਆਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਰਖੇਲਾਂ ਵਜੋਂ ਰੱਖਿਆ ਗਿਆ। ਜਦੋਂ ਕਈ ਸਾਲਾਂ ਬਾਅਦ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪਤਾ ਲੱਗਾ ਤਾਂ ਉਹਨਾਂ ਦੀ ਗਰਭਵਤੀ ਹਾਲਤ ਜਾਂ ਧਰਮ-ਬਦਲਾਵ ਕਾਰਨ ਉਹਨਾਂ ਨੂੰ ਆਪਣੇ ਹੀ ਸਕਿਆਂ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ।

ਅਸਲ ਅਰਥਾਂ 'ਚ ਆਜ਼ਾਦੀ?
ਅੱਜ ਜਦੋਂ ਅਸੀਂ “ਆਜ਼ਾਦੀ ਮੁਬਾਰਕ” ਦੇ ਨਾਅਰੇ ਲਾਉਂਦੇ ਹਾਂ ਤਾਂ ਪੰਜਾਬੀ ਮਨੁੱਖ ਆਪਣੇ ਆਪ ਤੋਂ ਸਵਾਲ ਪੁੱਛਦਾ ਹੈ, ਕੀ ਇਹ ਅਸਲ ਵਿੱਚ ਆਜ਼ਾਦੀ ਸੀ ਜਾਂ ਬਰਬਾਦੀ? ਸੱਚ ਇਹ ਹੈ ਕਿ ਪੰਜਾਬ ਨੇ ਆਜ਼ਾਦੀ ਦੇ ਨਾਲ ਹੀ ਆਪਣਾਂ ਸਾਂਝਾ ਸੱਭਿਆਚਾਰ, ਲੱਖਾਂ ਜ਼ਿੰਦਗੀਆਂ ਅਤੇ ਆਪਣੀ ਧਰਤੀ ਦਾ ਵੱਡਾ ਹਿੱਸਾ ਗੁਆ ਦਿੱਤਾ। 15 ਅਗਸਤ ਦੀ ਖੁਸ਼ੀ ਦਾ ਇਹ ਦਿਨ ਪੰਜਾਬ ਲਈ ਖੁਸ਼ੀ ਤੋਂ ਵੱਧ ਇੱਕ ਜ਼ਖ਼ਮ ਦੀ ਯਾਦ ਹੈ ਇੱਕ ਅਜਿਹਾ ਜ਼ਖ਼ਮ ਜੋ ਅੱਜ ਵੀ ਸਾਡੇ ਦਿਲਾਂ ਵਿੱਚ ਸਦਾ ਤਾਜ਼ਾ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News