ਫਰਾਂਸ : ਮਹਿੰਗਾਈ ਮਾਮਲੇ 'ਚ ਘਿਰੇ ਰਾਸ਼ਟਰਪਤੀ ਤੋੜਨਗੇ ਚੁੱਪੀ
Monday, Dec 10, 2018 - 12:52 PM (IST)

ਪੈਰਿਸ (ਏਜੰਸੀ)— ਫਰਾਂਸ 'ਚ ਭਾਰੀ ਪ੍ਰਦਰਸ਼ਨ ਨੂੰ ਲੈ ਕੇ ਫਰਾਂਸੀਸੀ ਰਾਸ਼ਟਰਪਤੀ ਐਮਨੁਏਲ ਮੈਕਰੋਨ 'ਤੇ ਵਧਦੇ ਦਬਾਅ ਦੌਰਾਨ ਉਹ ਆਪਣੀ ਲੰਬੀ ਚੁੱਪੀ ਨੂੰ ਤੋੜ ਕੇ ਸੋਮਵਾਰ ਦੀ ਸ਼ਾਮ ਨੂੰ ਦੇਸ਼ ਨੂੰ ਸੰਬੋਧਤ ਕਰਨਗੇ। ਉਹ ਹਿੰਸਕ ਹੋ ਚੁੱਕੇ ਪ੍ਰਦਰਸ਼ਨਕਾਰੀਆਂ ਅੱਗੇ ਠੋਸ ਯੋਜਨਾਵਾਂ ਦੀ ਘੋਸ਼ਣਾ ਕਰਨਗੇ। ਦਿਨੋਂ-ਦਿਨ ਵਧ ਰਹੇ ਇਸ ਵਿਆਪਕ ਪ੍ਰਦਰਸ਼ਨ ਨੇ ਸਰਕਾਰ ਅਤੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨਾਲ ਫਰਾਂਸ 'ਚ ਸੰਕਟ ਪੈਦਾ ਹੋ ਗਿਆ ਹੈ।
ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੁਣ ਭਿਆਨਕ ਰੂਪ ਲੈ ਚੁੱਕਾ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਇਸੇ ਲਈ ਰਾਸ਼ਟਰਪਤੀ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਗੁੱਸੇ 'ਚ ਆਈ ਜਨਤਾ ਅਜਿਹੀ ਭਾਵਨਾ ਬਣਾ ਰਹੀ ਹੈ ਕਿ ਸਰਕਾਰ ਸਿਰਫ ਅਮੀਰਾਂ ਦੇ ਪੱਖ 'ਚ ਹੈ। ਰਾਸ਼ਟਰਪਤੀ ਦਫਤਰ ਅਲੀਸੀ ਪੈਲਸ ਦੇ ਇਕ ਅਧਿਕਾਰੀ ਨੇ ਦੱੱਸਆ ਕਿ ਮੈਕਰੋਨ ਪੈਲਸ ਤੋਂ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਸਰਕਾਰ ਦੇ ਬੁਲਾਰੇ ਬੈਂਜਾਮਿਨ ਗ੍ਰਿਵਿਆਕਸ ਨੇ ਇਸ ਤੋਂ ਪਹਿਲਾਂ ਇਕ ਟੀ.ਵੀ. ਚੈਨਲ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਜਾਣਦੇ ਹਨ ਕਿ ਫਰਾਂਸੀਸੀ ਲੋਕਾਂ ਤਕ ਕਿਵੇਂ ਪੁੱਜਣਾ ਹੈ ਅਤੇ ਕਿਵੇਂ ਉਨ੍ਹਾਂ ਨਾਲ ਗੱਲ ਕਰਨੀ ਹੈ।