ਚਾਰਲੀ ਐਬਦੋ ਨੇ ਮੁੜ ਛਾਪੇ ਮੁਹੰਮਦ ਸਾਹਿਬ ਦੇ ਵਿਵਾਦਮਈ ਕਾਰਟੂਨ, ਪਾਕਿ ਨੇ ਕੀਤਾ ਵਿਰੋਧ
Wednesday, Sep 02, 2020 - 06:24 PM (IST)
ਪੈਰਿਸ (ਬਿਊਰੋ): ਫਰਾਂਸ ਦੀ ਵਿਅੰਗਾਤਮਕ ਮੈਗਜ਼ੀਨ ਸ਼ਾਰਲੀ ਐਬਦੋ ਨੇ ਪੈਗੰਬਰ ਮੁਹੰਮਦ ਦੇ ਉਹਨਾਂ ਕਾਰਟੂਨਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਹੈ ਜਿਹਨਾਂ ਦੇ ਕਾਰਨ ਸਾਲ 2015 ਵਿਚ ਉਹ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣੀ ਸੀ। ਇਹਨਾਂ ਕਾਰਟੂਨਾਂ ਨੂੰ ਅਜਿਹੇ ਸਮੇਂ ਵਿਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਇਕ ਦਿਨ ਬਾਅਦ ਹੀ ਸਾਲ 2015 ਵਿਚ ਹੋਏ ਸ਼ਾਰਲੀ ਐਬਦੋ ਦੇ ਦਫਤਰ 'ਤੇ ਹਮਲਾ ਕਰਨ ਵਾਲਿਆਂ ਦੀ ਮਦਦ ਕਰਨ ਦੇ ਦੋਸ਼ ਵਿਚ 14 ਲੋਕਾਂ 'ਤੇ ਮੁਕੱਦਮਾ ਸ਼ੁਰੂ ਹੋਣ ਵਾਲਾ ਹੈ। ਇਸ ਹਮਲੇ ਵਿਚ ਮੈਗਜ਼ੀਨ ਦੇ ਕਾਰਟੂਨਿਸਟਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਦਿਨ ਬਾਅਦ ਪੈਰਿਸ ਵਿਚ ਇਸੇ ਨਾਲ ਜੁੜਿਆ ਇਕ ਹੋਰ ਹਮਲਾ ਹੋਇਆ ਸੀ, ਜਿਸ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਦੇ ਬਾਅਦ ਪੂਰੇ ਫਰਾਂਸ ਵਿਚ ਜਿਹਾਦੀ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਮੈਗਜ਼ੀਨ ਦੇ ਕਵਰ ਪੇਜ 'ਤੇ ਪੈਗਬੰਰ ਮੁਹੰਮਦ ਦੇ ਉਹ 12 ਕਾਰਟੂਨ ਛਾਪੇ ਗਏ ਹਨ ਜਿਹਨਾਂ ਨੂੰ ਸ਼ਾਰਲੀ ਐਬਦੋ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਡੈਨਮਾਰਕ ਦੇ ਇਕ ਅਖਬਾਰ ਨੇ ਛਾਪਿਆ ਸੀ। ਇਹਨਾਂ ਵਿਚੋਂ ਇਕ ਕਾਰਟੂਨ ਵਿਚ ਪੈਗੰਬਰ ਮੁਹੰਮਦ ਨੂੰ ਪੱਗ ਦੀ ਬਜਾਏ ਬੰਬ ਪਹਿਨੇ ਦਿਖਾਇਆ ਗਿਆ ਹੈ। ਫ੍ਰੈਂਚ ਹੈੱਡਲਾਈਨ ਵਿਚ ਕਿਹਾ ਗਿਆ ਹੈ-''ਇਸ ਇਕ ਕਾਰਟੂਨ ਦੇ ਲਈ ਇੰਨਾ ਸਭ ਕੁਝ''।ਚਾਰਲੀ ਐਬਦੋ ਦੇ ਡਾਇਰੈਕਟਰ ਲੌਰੇਂਟ ਰਿਸ ਸੌਰੀਸਿਊ ਨੇ ਸੰਪਾਦਕੀ ਵਿਚ ਲਿਖਿਆ,''ਅਸੀਂ ਕਦੇ ਝੁਕਾਂਗੇ ਨਹੀਂ, ਅਸੀਂ ਕਦੇ ਹਾਰ ਨਹੀਂ ਮੰਨਾਂਗੇ।''
ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਸਾਲ 2015 ਵਿਚ ਹੋਏ ਹਮਲੇ ਦੇ ਬਾਅਦ ਲੋਕ ਪੈਗੰਬਰ ਦੇ ਉਹਨਾਂ ਕਾਰਟੂਨਾਂ ਨੂੰ ਪ੍ਰਕਾਸ਼ਿਤ ਕਰਨ ਦੀ ਮੰਗ ਕਰਦੇ ਰਹੇ ਹਨ। ਮੈਗਜ਼ੀਨ ਦੇ ਸੰਪਾਦਕ ਨੇ ਲਿਖਿਆ,''ਅਸੀਂ ਹਮੇਸ਼ਾ ਅਜਿਹਾ ਕਰਨ ਤੋਂ ਇਨਕਾਰ ਕੀਤਾ ਪਰ ਇਸ ਲਈ ਨਹੀਂ ਕਿ ਉਹ ਪਾਬੰਦੀਸ਼ੁਦਾ ਹਨ। ਕਾਨੂੰਨ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਅਜਿਹਾ ਕਰਨ ਦੇ ਪਿੱਛੇ ਚੰਗਾ ਕਾਰਨ ਹੋਣਾ ਚਾਹੀਦਾ ਸੀ, ਅਜਿਹਾ ਵਜ੍ਹਾ ਜਿਸ ਦਾ ਕੋਈ ਮਤਲਬ ਹੋਵੇ ਅਤੇ ਜਿਸ ਨਾਲ ਲੋਕਾਂ ਦੇ ਵਿਚ ਇਕ ਸਿਹਤਮੰਦ ਬਹਿਸ ਸ਼ੁਰੂ ਹੋ ਸਕੇ। ਜਨਵਰੀ 2015 ਵਿਚ ਹੋਏ ਅੱਤਵਾਦੀ ਹਮਲਿਆਂ ਦੇ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਇਹਨਾਂ ਕਾਰਟੂਨਾਂ ਨੂੰ ਛਾਪਣਾ ਜ਼ਰੂਰੀ ਲੱਗਾ।''
ਪੜ੍ਹੋ ਇਹ ਅਹਿਮ ਖਬਰ- ਆਪਣੀ ਭੈਣ ਨੂੰ ਮਰਵਾਉਣ ਦੀ ਤਿਆਰੀ 'ਚ ਹੈ ਤਾਨਾਸ਼ਾਹ ਕਿਮ, ਅਟਕਲਾਂ ਹੋਈਆਂ ਤੇਜ਼
ਪਾਕਿ ਨੇ ਕੀਤਾ ਸਖਤ ਵਿਰੋਧ
ਪੈਗੰਬਰ ਦੇ ਕਾਰਟੂਨ ਛਾਪਣ ਸਬੰਧੀ ਪਾਕਿਸਤਾਨ ਨੇ ਸ਼ਾਰਲੀ ਐਬਦੋ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਸਬੰਧ ਵਿਚ ਦੋ ਟਵੀਟ ਕੀਤੇ ਹਨ। ਇਹਨਾਂ ਵਿਚ ਕਿਹਾ ਗਿਆ ਹੈ,''ਫ੍ਰਾਂਸੀਸੀ ਪਤੱਰਿਕਾ ਸ਼ਾਰਲੀ ਐਬਦੋ ਵੱਲੋਂ ਪੈਗੰਬਰ ਮੁਹੰਮਦ ਦੀਆਂ ਬਹੁਤ ਇਤਰਾਜ਼ਯੋਗ ਵਿਅੰਗਾਤਮਕ ਤਸਵੀਰਾਂ ਮੁੜ ਛਾਪਣ ਦੇ ਫੈਸਲੇ ਦੀ ਪਾਕਿਸਤਾਨ ਨਿੰਦਾ ਕਰਦਾ ਹੈ।''
Such a deliberate act to offend the sentiments of billions of Muslims cannot be justified as an exercise in press freedom or freedom of expression. Such actions undermine the global aspirations for peaceful co-existence as well as social and inter-faith harmony. 2/2
— Spokesperson 🇵🇰 MoFA (@ForeignOfficePk) September 1, 2020
ਅੱਗੇ ਲਿਖਿਆ ਗਿਆ ਹੈ,''ਅਰਬਾਂ ਮੁਸਲਸਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਜਾਣਬੁੱਝ ਕੇ ਕੀਤੇ ਗਏ ਇਸ ਕੰਮ ਨੂੰ ਪ੍ਰੈੱਸ ਦੀ ਆਜ਼ਾਦੀ ਜਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ 'ਤੇ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਤਰ੍ਹਾਂ ਦੇ ਕੰਮ ਸ਼ਾਂਤੀਪੂਰਨ ਗਲੋਬਲ ਸਹਿ ਹੋਂਦ ਅਤੇ ਸਮਾਜਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਂਦੇ ਹਨ।''