ਪਾਕਿਸਤਾਨ ''ਚ ਵੱਖ-ਵੱਖ ਹਮਲਿਆਂ ''ਚ ਮਾਰੇ ਗਏ ਚਾਰ ਪੁਲਸ ਮੁਲਾਜ਼ਮ
Friday, Jul 08, 2022 - 02:02 PM (IST)
ਪਾਕਿਸਤਾਨ- ਪਾਕਿਸਤਾਨ ਦੇ ਡੇਰਾ ਇਸਮਾਇਲ ਖਾਨ ਅਤੇ ਟੈਂਕ ਜ਼ਿਲ੍ਹਿਆਂ 'ਚ ਮੰਗਲਵਾਰ ਨੂੰ ਵੱਖ-ਵੱਖ ਹਮਲਿਆਂ 'ਚ ਚਾਰ ਪੁਲਸ ਮੁਲਾਜ਼ਮ ਮਾਰੇ ਗਏ। ਡੇਰਾ ਪੁਲਸ ਦੇ ਬੁਲਾਰੇ ਇਮਤਿਆਜ਼ ਅਲੀ ਜੰਜੁਆ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਨੇ ਮੰਗਲਵਾਰ ਸਵੇਰੇ ਨਿਊ ਸਬਜ਼ੀ ਮੰਡੀ ਇਲਾਕੇ ਦੇ ਕੋਲ ਟ੍ਰੈਫਿਕ ਪੁਲਸ ਮੁਲਾਜ਼ਮ ਟਿਕਟ ਅਧਿਕਾਰੀ ਸੌਖਤ ਮੇਕਾਨ ਅਤੇ ਕਾਂਸਟੇਬਲ ਹਬੀਬੁੱਲਾਹ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਡੀ.ਐੱਸ.ਪੀ. ਸਦਰ ਹਾਫਿਜ਼ ਅਦਨਾਨ ਖਾਨ ਅਤੇ ਐੱਸ.ਐੱਚ.ਓ. ਸਦਰ ਥਾਣਾ ਸਲੀਮ ਬਲੂਚ ਦੀ ਅਗਵਾਈ 'ਚ ਪੁਲਸ ਦੀ ਇਕ ਟੁੱਕੜੀ ਰੈਸਕਿਊ 1122 ਦੀਆਂ ਟੀਮਾਂ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਜਵਾਨਾਂ ਦੀਆਂ ਮ੍ਰਿਤਕ ਸਰੀਰਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜੇ। ਬੁਲਾਰੇ ਨੇ ਕਿਹਾ ਕਿ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਬਾਅਦ 'ਚ ਏਜਾਜ਼ ਸ਼ਹੀਦ ਪੁਲਸ ਲਾਈਨ 'ਚ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਅੰਤਿਮ ਸੰਸਕਾਰ ਦੀ ਨਮਾਜ਼ ਅਦਾ ਕੀਤੀ ਗਈ। ਇਸ ਤੋਂ ਬਾਅਦ ਫੌਜੀਆਂ ਦੇ ਸਰੀਰ ਉਨ੍ਹਾਂ ਦੇ ਜੱਦੀ ਖੇਤਰਾਂ 'ਚ ਦਫਨਾਉਣ ਲਈ ਭੇਜ ਦਿੱਤੇ ਗਏ।
ਇਸ ਵਿਚਾਲੇ ਨਸਰਾਮ ਪਿੰਡ ਦੇ ਨੇੜੇ ਨਸਰਾਨ-ਦਾਊਦਖੇਲ ਰੋਡ 'ਤੇ ਤਿੰਨ ਹਥਿਆਰਬੰਦ ਮੋਟਰਸਾਈਲ ਸਵਾਰਾਂ ਨੇ ਦੋ ਟੈਂਕ ਪੁਲਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਕਿਹਾ ਕਿ ਕਾਂਸਟੇਬਲ ਨਾਹੀਦ ਖਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਂਸਟੇਬਲ ਹਮੀਦ ਸ਼ਾਹ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਮ੍ਰਿਤਕ ਦੇ ਕੋਲੋਂ ਨਕਦੀ ਅਤੇ ਮੋਬਾਇਲ ਫੋਨ ਵੀ ਖੋਹ ਲਏ। ਪੁਲਸ ਨੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ 'ਚ ਛਾਪੇਮਾਰੀ ਕਰ ਦਿੱਤੀ।