ਕੈਨੇਡਾ ਤੋਂ ਯੂਕੇ ਤੱਕ ਡਰੱਗ ਦੇ ਕਾਰੋਬਾਰ 'ਚ ਸ਼ਾਮਲ ਤਿੰਨ ਪੰਜਾਬੀਆਂ ਸਣੇ 4 ਨੂੰ ਸੁਣਾਈ ਸਜ਼ਾ

Thursday, May 04, 2023 - 02:55 PM (IST)

ਕੈਨੇਡਾ ਤੋਂ ਯੂਕੇ ਤੱਕ ਡਰੱਗ ਦੇ ਕਾਰੋਬਾਰ 'ਚ ਸ਼ਾਮਲ ਤਿੰਨ ਪੰਜਾਬੀਆਂ ਸਣੇ 4 ਨੂੰ ਸੁਣਾਈ ਸਜ਼ਾ

ਲੰਡਨ- ਯੂਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਤੋਂ ਹੀਥਰੋ ਤੱਕ ਡਰੱਗ ਦਾ ਕਾਰੋਬਾਰ ਕਰਨ ਵਾਲੇ ਤਿੰਨ ਪੰਜਾਬੀਆਂ ਸਮੇਤ 4 ਲੋਕਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ| ਜਾਣਕਾਰੀ ਮੁਤਾਬਕ ਕੈਂਟ ਦੇ ਤਿੰਨ ਵਿਅਕਤੀਆਂ ਅਤੇ ਦੱਖਣ ਪੱਛਮੀ ਲੰਡਨ ਦੇ ਇੱਕ ਵਿਅਕਤੀ ਨੂੰ ਭੰਗ ਦੀ ਤਸਕਰੀ ਕਰਨ ਤੋਂ ਬਾਅਦ ਕੁੱਲ 17 ਸਾਲਾਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਵੂਲਿਚ ਕਰਾਊਨ ਕੋਰਟ 'ਚ ਹੋਈ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਅਪਰਾਧਿਕ ਗਿਰੋਹ ਦੇ ਮੈਂਬਰਾਂ ਵਲੋਂ ਭੰਗ ਦਾ ਕਾਰੋਬਾਰ ਕੀਤਾ ਜਾਂਦਾ ਸੀ | ਜਾਂਚ ਦੌਰਾਨ ਪਤਾ ਲੱਗਾ ਕਿ 10 ਲੱਖ ਪੌਂਡ ਦੀ ਕੀਮਤ ਦੀ ਭੰਗ ਨੂੰ ਕੰਪਿਊਟਰ ਕੇਸਾਂ 'ਚ ਲੁਕੋਇਆ ਗਿਆ ਸੀ | ਇਹ ਡਰੱਗ ਖੇਪ ਕੈਨੇਡਾ ਤੋਂ ਹੀਥਰੋ ਹਵਾਈ ਅੱਡੇ 'ਤੇ 8 ਫਰਵਰੀ 2021 ਨੂੰ ਪਹੁੰਚੀ, ਜਿੱਥੋਂ ਇਹ ਡਾਟਰਫੋਰਡ ਦੇ ਇੱਕ ਪਤੇ 'ਤੇ ਜਾਣੀ ਸੀ | 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸਿੱਖ ਅਧਿਆਪਕ 'ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਇਲਜ਼ਾਮ 

ਗ੍ਰੇਵਜ਼ੈਂਡ ਵਾਸੀ 32 ਸਾਲਾ ਕਰਨ ਗਿੱਲ ਨੂੰ 21 ਅਪ੍ਰੈਲ 2021 ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ ਗਿਆ, ਜਿਸ ਕੋਲੋਂ 1 ਲੱਖ 5000 ਪੌਂਡ ਨਕਦੀ ਜ਼ਬਤ ਕੀਤੀ ਗਈ ਅਤੇ ਉਸ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਗ੍ਰੇਵਜ਼ੈਂਡ ਵਾਸੀ ਗੋਵਿੰਦ ਬਾਹੀਆ ਨੂੰ ਤਿੰਨ ਸਾਲ, ਦੱਖਣ ਪੱਛਮੀ ਲੰਡਨ ਵਾਸੀ 32 ਸਾਲਾ ਜੈਗ ਸਿੰਘ ਨੂੰ 4 ਸਾਲ 9 ਮਹੀਨੇ ਅਤੇ ਮੇਡਸਟੋਨ ਵਾਸੀ ਗ੍ਰੈਗਰੀ ਬਲੈਕਲਾਕ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਸਾਜ਼ਿਸ਼ ਵਿੱਚ ਸ਼ਾਮਲ ਚਾਰੇ ਅਪਰਾਧੀਆਂ ਨੂੰ ਅਪ੍ਰੈਲ 2023 ਵਿੱਚ ਵੂਲਵਿਚ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਗਈ। ਕੈਂਟ ਅਤੇ ਐਸੈਕਸ ਅਪਰਾਧਿਕ ਜਾਂਚ ਅਧਿਕਾਰੀ ਸਟੀਵ ਬਰਾਊਨ ਨੇ ਕਿਹਾ ਕਿ ਅਪਰਾਧੀਆਂ ਵਲੋਂ ਐਂਕਰੋਚੈਟ ਮੋਬਾਈਲ ਪਲੇਟਫਾਰਮ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦੇ ਬਾਵਜੂਦ ਉਨ੍ਹਾਂ ਨੂੰ ਰੰਗੇ ਹੱਥੀਂ ਫੜਿ•ਆ ਗਿਆ ਅਤੇ ਨਿਆਂ ਦੇ ਕਟਹਿਰੇ 'ਚ ਲਿਆਂਦਾ ਗਿਆ |

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News