ਕੈਨੇਡਾ 'ਚ ਗੋਲੀਬਾਰੀ ਕਾਰਨ 4 ਲੋਕਾਂ ਦੀ ਮੌਤ, ਇਕ ਸ਼ੱਕੀ ਹਿਰਾਸਤ 'ਚ
Tuesday, Apr 16, 2019 - 09:06 AM (IST)

ਵੈਨਕੁਵਰ— ਕੈਨੇਡਾ ਦੇ ਪੈਨਟਿਕਟਨ ਸ਼ਹਿਰ 'ਚ ਸੋਮਵਾਰ ਨੂੰ 5 ਕਿਲੋਮੀਟਰ ਦੇ ਦਾਇਰੇ ਅੰਦਰ 3 ਵੱਖ-ਵੱਖ ਥਾਵਾਂ 'ਤੇ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ 'ਚ ਇਕ ਸ਼ੱਕੀ ਹਮਲਾਵਰ ਨੂੰ ਸਵੇਰੇ 11 ਵਜੇ ਹਿਰਾਸਤ 'ਚ ਲਿਆ। ਸ਼ੱਕੀ ਦੀ ਉਮਰ ਲਗਭਗ 60 ਸਾਲ ਹੈ ਅਤੇ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ।
ਮ੍ਰਿਤਕਾਂ 'ਚ 2 ਬਾਲਗ ਵਿਅਕਤੀ ਅਤੇ 2 ਔਰਤਾਂ ਸਨ। ਪੁਲਸ ਵਲੋਂ ਉਨ੍ਹਾਂ ਦੀ ਪਛਾਣ ਕਰਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਸਾਰੇ ਲੋਕ ਇਕ-ਦੂਜੇ ਨੂੰ ਜਾਣਦੇ ਸਨ। ਪੁਲਸ ਦਾ ਕਹਿਣਾ ਹੈ ਕਿ ਇਸ 'ਚ ਸ਼ਾਮਲ ਸਾਰੇ ਲੋਕ ਯਾਨੀ ਪੀੜਤ ਅਤੇ ਸ਼ੂਟਰ ਇਕ-ਦੂਜੇ ਨੂੰ ਜਾਣਦੇ ਸਨ ਅਤੇ ਇਹ ਇਕ ਟਾਰਗੇਟ ਪਲਾਨ ਸੀ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਇੱਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਕ ਔਰਤ ਨੇ ਕਿਹਾ ਕਿ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਇਕ ਵਿਅਕਤੀ ਡਿੱਗਿਆ ਹੋਇਆ ਸੀ ਤੇ ਉਹ ਡਰ ਗਈ। ਇਲਾਕੇ 'ਚ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪੁਲਸ ਨੇ ਇਲਾਕੇ 'ਚ ਘੇਰਾਬੰਦੀ ਕਰ ਦਿੱਤੀ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਅਪੀਲ ਕੀਤੀ। ਪੁਲਸ ਹਮਲਾਵਾਰਾਂ ਦੀ ਭਾਲ ਕਰ ਰਹੀ ਹੈ। ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ 'ਚ ਹੈ, ਜਿੱਥੇ 30,000 ਲੋਕ ਰਹਿੰਦੇ ਹਨ। ਲੋਕਾਂ 'ਚ ਡਰ ਦਾ ਮਾਹੌਲ ਹੈ।