ਸਾਬਕਾ ਓਲੰਪਿਕ ਖਿਡਾਰੀ ਨੂੰ ਪੀ.ਐੱਮ. ਇਮਰਾਨ ਦੀ ਆਲੋਚਨਾ ਕਰਨੀ ਪਈ ਭਾਰੀ, ਲੱਗਾ 10 ਸਾਲ ਦਾ ਬੈਨ

Friday, Feb 04, 2022 - 01:59 PM (IST)

ਸਾਬਕਾ ਓਲੰਪਿਕ ਖਿਡਾਰੀ ਨੂੰ ਪੀ.ਐੱਮ. ਇਮਰਾਨ ਦੀ ਆਲੋਚਨਾ ਕਰਨੀ ਪਈ ਭਾਰੀ, ਲੱਗਾ 10 ਸਾਲ ਦਾ ਬੈਨ

ਇਸਲਾਮਾਬਾਦ (ਬਿਊਰੋ) ਬੀਤੇ ਸਾਲਾਂ ਵਿਚ ਹਾਕੀ ਦੀ ਬਿਹਤਰੀ ਲਈ ਕੁਝ ਨਾ ਕਰਨ 'ਤੇ ਜਦੋਂ ਸਾਬਕਾ ਓਲੰਪਿਕ ਖਿਡਾਰੀ ਰਾਸ਼ਿਦ ਉਲ ਹਸਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਇਨਾ ਦਿਖਾਇਆ ਤਾਂ ਉਸ ਦਾ ਖਮਿਆਜ਼ਾ ਖਿਡਾਰੀ ਨੂੰ ਭੁਗਤਣਾ ਪਿਆ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ.ਐੱਚ.ਐੱਫ.) ਨੇ ਉਹਨਾਂ 'ਤੇ 10 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਪੀ.ਐੱਚ.ਐੱਫ. ਵੱਲੋਂ ਰਾਸ਼ਿਦ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਲਈ ਗਲਤ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਪੀ.ਐੱਚ.ਐੱਫ. ਨੇ ਇਹ ਵੀ ਕਿਹਾ ਕਿ ਰਾਸ਼ਿਦ ਨੇ ਸੋਸ਼ਲ ਮੀਡੀਆ ਜ਼ਰੀਏ ਦੇਸ਼ ਦੀ ਹਾਕੀ ਦੀ ਸਾਖ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉੱਥੇ ਰਾਸ਼ਿਦ ਨੇ ਕਿਹਾ ਹੈ ਕਿ ਉਹਨਾਂ ਨੇ ਪੀ.ਐੱਮ. ਖ਼ਿਲਾਫ਼ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਸਗੋਂ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਰਾਸ਼ਿਦ ਨੇ ਆਪਣੀ ਸਫਾਈ ਵਿਚ ਕਿਹਾ ਹੈ ਕਿ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੀ.ਐੱਮ. ਇਮਰਾਨ ਖਾਨ ਨੇ ਹਾਕੀ ਦੀ ਬਿਹਤਰੀ ਲਈ ਜਿਹੜੇ ਵਾਅਦੇ ਕੀਤੇ ਸਨ, ਬੀਤੇ ਸਾਲਾਂ ਵਿਚ ਉਹਨਾਂ ਨੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੁਝ ਨਹੀਂ ਕੀਤਾ।ਰਾਸ਼ਿਦ ਮੁਤਾਬਕ ਆਪਣੀ ਗੱਲ ਰੱਖਦਿਆਂ ਉਹਨਾਂ ਨੇ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਨਹੀਂ ਕੀਤੀ। ਇੱਥੇ ਦੱਸ ਦਈਏ ਕਿ ਰਾਸ਼ਿਦ 1984 ਵਿਚ ਓਲੰਪਿਕ ਦਾ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨ ਵਿਦੇਸ਼ ਮੰਤਰੀ ਦਾ ਦਾਅਵਾ, ਤਾਲਿਬਾਨ ਸਰਕਾਰ ਨੂੰ ਜਲਦ ਮਿਲੇਗੀ ਅੰਤਰਰਾਸ਼ਟਰੀ ਮਾਨਤਾ

ਇਮਰਾਨ ਖਾਨ ਦੀ ਆਲੋਚਨਾ ਕਰਨ ਦੇ ਬਾਅਦ ਪੀ.ਐੱਚ.ਐੱਫ. ਨੇ ਉਹਨਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਉਹਨਾਂ ਦੇ ਬਿਆਨਾਂ ਲਈ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਪਰ ਉਹ ਜਵਾਬ ਦੇਣ ਲਈ ਉੱਥੇ ਮੌਜੂਦ ਨਹੀਂ ਹੋਏ, ਜਿਸ ਕਾਰਨ ਉਹਨਾਂ 'ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਦੱਸ ਦਈਏ ਕਿ ਪੀ.ਐੱਮ. ਇਮਰਾਨ ਖਾਨ ਪੀ.ਐੱਚ.ਐੱਫ. ਦੇ ਚੀਫ ਪੇਟ੍ਰੋਨ ਹਨ। ਰਾਸ਼ਿਦ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੀ ਜਾਣਕਾਰੀ ਪੀ.ਐੱਚ.ਐੱਫ. ਦੇ ਪ੍ਰਧਾਨ ਬ੍ਰਿਗੇਡੀਅਰ ਖਾਲਿਦ ਸੱਜਾਦ ਖੋਖਰ ਅਤੇ ਸਕੱਤਰ ਆਸਿਫ ਬਾਜਵਾ ਨੇ ਪ੍ਰੈੱਸ ਰਿਲੀਜ ਜ਼ਰੀਏ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਰਾਸ਼ਿਦ ਨੂੰ ਦੋ ਵਾਰ ਨੋਟਿਸ ਭੇਜਿਆ ਗਿਆ ਸੀ, ਜਿਸ ਦਾ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਦੀ ਜਾਣਕਾਰੀ ਨੈਸ਼ਨਲ ਅਸੈਂਬਲੀ ਦੀ ਸਟੈਂਡਿੰਗ ਕਮੇਟੀ ਨੂੰ ਵੀ ਦੇ ਦਿੱਤੀ ਗਈ ਹੈ।


author

Vandana

Content Editor

Related News