ਜਾਪਾਨ ਦੇ ਸਾਬਕਾ PM ਕਿਸ਼ਿਦਾ ਦਾ ਹਮਲਾਵਰ ਦੋਸ਼ੀ ਕਰਾਰ, ਹੋਈ 10 ਸਾਲ ਜੇਲ੍ਹ

Wednesday, Feb 19, 2025 - 01:57 PM (IST)

ਜਾਪਾਨ ਦੇ ਸਾਬਕਾ PM ਕਿਸ਼ਿਦਾ ਦਾ ਹਮਲਾਵਰ ਦੋਸ਼ੀ ਕਰਾਰ, ਹੋਈ 10 ਸਾਲ ਜੇਲ੍ਹ

ਟੋਕੀਓ (ਏਜੰਸੀ)- ਜਾਪਾਨ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ 2023 ਦੇ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ 'ਤੇ ਦੇਸੀ ਪਾਈਪ ਬੰਬ ਸੁੱਟਣ ਵਾਲੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਅਤੇ ਉਸਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਸਥਾਨਕ ਮੀਡੀਆ ਨੇ ਇਸ ਬਾਰੇ ਰਿਪੋਰਟ ਦਿੱਤੀ। ਰਯੂਜੀ ਕਿਮੁਰਾ (25) 'ਤੇ 15 ਅਪ੍ਰੈਲ 2023 ਨੂੰ ਪੱਛਮੀ ਸ਼ਹਿਰ ਵਾਕਾਯਾਮਾ ਵਿੱਚ ਕਿਸ਼ਿਦਾ 'ਤੇ ਹੋਏ ਹਮਲੇ ਲਈ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਉਸ 'ਤੇ 4 ਹੋਰ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਵਿੱਚ ਵਿਸਫੋਟਕਾਂ ਅਤੇ ਹੋਰ ਹਥਿਆਰਾਂ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਸ਼ਾਮਲ ਸੀ।

ਜਾਪਾਨ ਦੇ ਸਰਕਾਰੀ ਟੈਲੀਵਿਜ਼ਨ ਅਤੇ ਹੋਰ ਮੀਡੀਆ ਦੇ ਅਨੁਸਾਰ, ਵਾਕਾਯਾਮਾ ਜ਼ਿਲ੍ਹਾ ਅਦਾਲਤ ਨੇ ਕਿਮੁਰਾ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਹਾਲਾਂਕਿ ਅਦਾਲਤ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਹੜੇ 5 ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਹੈ। ਫਰਵਰੀ ਦੇ ਸ਼ੁਰੂ ਵਿੱਚ ਮੁਕੱਦਮੇ ਦੀ ਸ਼ੁਰੂਆਤ ਵਿੱਚ, ਕਿਮੂਰਾ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤੋਂ ਇਨਕਾਰ ਕੀਤਾ ਸੀ ਅਤੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਸੀ ਕਿ ਉਸ ਦਾ ਕਿਸ਼ਿਦਾ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ਘਟਨਾ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨੂੰ ਕੋਈ ਸੱਟ ਨਹੀਂ ਲੱਗੀ ਸੀ ਪਰ 2 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਕਿਮੁਰਾ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕਿਸ਼ਿਦਾ 'ਤੇ ਹਮਲਾ ਪੱਛਮੀ ਜਾਪਾਨ ਦੇ ਇੱਕ ਹੋਰ ਸ਼ਹਿਰ ਨਾਰਾ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਲਗਭਗ ਇੱਕ ਸਾਲ ਬਾਅਦ ਹੋਇਆ ਸੀ।


author

cherry

Content Editor

Related News