ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Sunday, Jun 11, 2023 - 10:32 PM (IST)

ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਿੰਗ ਅਤੇ ਵਿੱਤ ਬਾਰੇ ਚੱਲ ਰਹੀ ਜਾਂਚ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ 52 ਸਾਲਾ ਨਿਕੋਲਾ ਸਟਰਜਨ ਨੂੰ ਇਕ ਸ਼ੱਕੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਜਾਸੂਸਾਂ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ। ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਦੇ ਪਤੀ, ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਮੁੱਖ ਕਾਰਜਕਾਰੀ ਪੀਟਰ ਮੁਰੇਲ ਦੀ ਗ੍ਰਿਫ਼ਤਾਰੀ ਅਤੇ ਬਾਅਦ ਵਿੱਚ ਰਿਹਾਈ ਤੋਂ ਬਾਅਦ ਕਾਰਵਾਈ ਹੋਈ ਹੈ।

ਇਹ ਵੀ ਪੜ੍ਹੋ : ਭਾਰਤ ਵੱਲੋਂ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਖ਼ਿਤਾਬ ਜਿੱਤਣ ’ਤੇ PM ਮੋਦੀ ਨੇ ਦਿੱਤੀ ਵਧਾਈ

ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਐਤਵਾਰ ਨੂੰ ਇਕ ਪੁਲਸ ਇੰਟਰਵਿਊ ਵਿੱਚ ਸ਼ਾਮਲ ਹੋਈ ਸੀ। ਜ਼ਿਕਰਯੋਗ ਹੈ ਕਿ ਐੱਸਐੱਨਪੀ ਮੁਖੀ ਨਿਕੋਲਾ ਸਟਰਜਨ ਨੇ ਮਾਰਚ ਵਿੱਚ ਆਪਣੇ ਫਸਟ ਮਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਕੋਲੋਂ ਅਧਿਕਾਰੀਆਂ ਦੁਆਰਾ ਪੁੱਛਗਿੱਛ ਕੀਤੀ ਗਈ ਸੀ। ਪਿਛਲੇ 2 ਸਾਲਾਂ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਸੁਤੰਤਰਤਾ ਕਾਰਕੁਨਾਂ ਦੁਆਰਾ ਪਾਰਟੀ ਨੂੰ ਦਿੱਤੇ ਗਏ 6,00,000 ਪੌਂਡ ਤੋਂ ਵੱਧ ਦਾਨ ਰਾਸ਼ੀ ਦਾ ਕੀ ਹੋਇਆ? 

ਬੁਲਾਰੇ ਦਾ ਕਹਿਣਾ ਸੀ, "ਨਿਕੋਲਾ ਸਟਰਜਨ ਨੇ ਐਤਵਾਰ 11 ਜੂਨ ਨੂੰ ਪੁਲਸ ਸਕਾਟਲੈਂਡ ਦੁਆਰਾ ਬੁਲਾਉਣ 'ਤੇ ਇਕ ਇੰਟਰਵਿਊ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ ਅਤੇ ਆਪ੍ਰੇਸ਼ਨ ਬ੍ਰਾਂਚਫਾਰਮ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਣੀ ਸੀ।" ਇਸ ਸਬੰਧੀ ਨਿਕੋਲਾ ਸਟਰਜਨ ਨੇ ਵੀ ਲਗਾਤਾਰ ਇਹੀ ਕਿਹਾ ਹੈ ਕਿ ਜੇਕਰ ਪੁਲਸ ਨੂੰ ਪੁੱਛਗਿੱਛ ਲਈ ਉਸ ਦੀ ਲੋੜ ਹੋਵੇਗੀ ਤਾਂ ਉਹ ਜਾਂਚ ਵਿੱਚ ਨਿਰੰਤਰ ਸਹਿਯੋਗ ਕਰੇਗੀ।

ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ, ਇੰਟਰਨੈੱਟ 'ਤੇ ਵੱਧਦੀ ਜਾ ਰਹੀ ਰੋਕ

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ 5 ਅਪ੍ਰੈਲ ਨੂੰ ਸ਼੍ਰੀਮਤੀ ਸਟਰਜਨ ਦੇ ਘਰ ਅਤੇ ਐਡਿਨਬਰਾ ਵਿੱਚ ਐੱਸਐੱਨਪੀ ਦੇ ਹੈੱਡਕੁਆਰਟਰ ਦੀ ਤਲਾਸ਼ੀ ਲਈ ਗਈ ਸੀ ਤੇ ਉਨ੍ਹਾਂ ਦੇ ਪਤੀ ਮਿਸਟਰ ਮੁਰੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਬਿਨਾਂ ਕਿਸੇ ਦੋਸ਼ ਦੇ ਹੋਰ ਜਾਂਚ ਲਈ ਛੱਡ ਦਿੱਤਾ ਗਿਆ ਸੀ। ਇਸੇ ਕਾਰਵਾਈ ਦੀ ਲੜੀ ਵਜੋਂ ਹੀ ਪੁਲਸ ਦੁਆਰਾ ਡਨਫਰਮਲਾਈਨ ਵਿੱਚ ਮਿਸਟਰ ਮੁਰੇਲ ਦੀ ਮਾਂ ਦੇ ਘਰ ਦੇ ਬਾਹਰੋਂ ਲਗਭਗ 1,10,000 ਪੌਂਡ ਕੀਮਤ ਦਾ ਇਕ ਲਗਜ਼ਰੀ ਮੋਟਰਹੋਮ ਵੀ ਜ਼ਬਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 755 ਸਾਲਾਂ ਬਾਅਦ ਰਚਿਆ ਜਾਵੇਗਾ ਇਤਿਹਾਸ, ਪਹਿਲੀ ਲਾਰਡ ਚੀਫ਼ ਜਸਟਿਸ ਬਣੇਗੀ ਔਰਤ

ਪਾਰਟੀ ਫੰਡਾਂ ਅਤੇ ਵਿੱਤ ਮਾਮਲੇ 'ਚ ਨਿਕੋਲਾ ਸਟਰਜਨ ਸਮੇਤ 3 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਨਿਕੋਲਾ ਦੇ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਸਐੱਨਪੀ ਦੇ ਖਜ਼ਾਨਚੀ ਕੋਲਿਨ ਬੀਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਸੀ। ਮਿਸਟਰ ਬੀਟੀ ਨੇ ਥੋੜ੍ਹੀ ਦੇਰ ਬਾਅਦ ਹੀ ਪਾਰਟੀ ਦੇ ਖਜ਼ਾਨਚੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਰਟੀ ਸ਼੍ਰੀਮਤੀ ਸਟਰਜਨ ਦੀ ਗ੍ਰਿਫ਼ਤਾਰੀ 'ਤੇ ਕੋਈ ਟਿੱਪਣੀ ਨਹੀਂ ਕਰੇਗੀ ਕਿਉਂਕਿ ਇਹ ਮੁੱਦੇ ਪੁਲਸ ਜਾਂਚ ਦੇ ਅਧੀਨ ਹਨ।"

ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸਟਰਜਨ ਨੇ ਐਲੇਕਸ ਸੈਲਮੰਡ ਤੋਂ ਬਾਅਦ 8 ਸਾਲਾਂ ਤੋਂ ਵੱਧ ਸਮੇਂ ਤੱਕ ਸਕਾਟਲੈਂਡ ਦੀ ਫਸਟ ਮਨਿਸਟਰ ਵਜੋਂ ਸੇਵਾ ਕੀਤੀ ਹੈ। ਨਿਕੋਲਾ ਸਟਰਜਨ ਦੀ ਗ੍ਰਿਫ਼ਤਾਰੀ ਕਾਰਨ ਇਕ ਵਾਰ ਤਾਂ ਸਕਾਟਲੈਂਡ ਸਿਆਸਤ ਦੀ ਖੜ੍ਹੇ ਪਾਣੀਆਂ ਵਿੱਚ ਹਿਲਜੁਲ ਪੈਦਾ ਹੋ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News