ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦੀ ਗਾਂਜੇ ਕਾਰਨ ਖ਼ਰਾਬ ਹੋਈ ਸਿਹਤ, ਵ੍ਹੀਲਚੇਅਰ ’ਤੇ ਆਏ ਨਜ਼ਰ
Sunday, Aug 21, 2022 - 10:38 PM (IST)
ਵਾਸ਼ਿੰਗਟਨ (ਰਾਜ ਗੋਗਨਾ)—ਜਦੋਂ ਵੀ ਦੁਨੀਆ ਦੇ ਮਹਾਨ ਮੁੱਕੇਬਾਜ਼ਾਂ ਦਾ ਜ਼ਿਕਰ ਹੋਵੇਗਾ ਤਾਂ ਸਭ ਤੋਂ ਪਹਿਲਾਂ ਮੁਹੰਮਦ ਅਲੀ ਤੇ ਬਾਅਦ ’ਚ ਮਾਈਕ ਟਾਈਸਨ ਦਾ ਨਾਂ ਆਉਂਦਾ ਹੈ। 56 ਕੁ ਸਾਲ ਦੀ ਉਮਰ ’ਚ ਉਹ ਵ੍ਹੀਲਚੇਅਰ ’ਤੇ ਹਾਲ ਹੀ ’ਚ ਮਿਆਮੀ ਇੰਟਰਨੈਸ਼ਨਲ ਏਅਰਪੋਰਟ ’ਤੇ ਬੈਠੇ ਦਿਖਾਈ ਦਿੱਤੇ। ਅਮਰੀਕੀ ਮੁੱਕੇਬਾਜ਼ ਰਹੇ ਟਾਈਸਨ ਸਾਇਟਿਕਾ ਫਲੇਅਰਅਪ ਨਾਂ ਦੀ ਬੀਮਾਰੀ ਤੋਂ ਪੀੜਤ ਹਨ, ਜਿਨ੍ਹਾਂ ਨੂੰ ਪਿੱਠ ਦੀ ਸਮੱਸਿਆ ਕਿਹਾ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਹੈ। ਟਾਈਸਨ ਦੀ ਖ਼ਰਾਬ ਹਾਲਤ ਦਾ ਕਾਰਨ ਉਨ੍ਹਾਂ ਵੱਲੋਂ ਲਗਾਤਾਰ ਗਾਂਜੇ ਦਾ ਸੇਵਨ ਦੱਸਿਆ ਜਾ ਰਿਹਾ ਹੈ। ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦਾ ਪੂਰੀ ਦੁਨੀਆ ’ਚ ਇਕ ਨਾਂ ਹੈ ਅਤੇ 56 ਸਾਲਾ ਟਾਈਸਨ ਨੂੰ ਹਾਲ ਹੀ ’ਚ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵ੍ਹੀਲਚੇਅਰ ’ਤੇ ਦੇਖਿਆ ਗਿਆ। ਆਪਣੇ ਸਟਾਰ ਨੂੰ ਵ੍ਹੀਲਚੇਅਰ ’ਤੇ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ, ਟਾਈਸਨ ਦੀ ਸਿਹਤ ਕਾਫੀ ਖਰਾਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੂਸ ਤੋਂ ਹਥਿਆਰ ਖਰੀਦਦੈ ਭਾਰਤ, ਯੂਕ੍ਰੇਨ ਹਮਲੇ ਦੇ ਨਿੰਦਾ ਮਤੇ 'ਚ ਇਸ ਲਈ ਨਹੀਂ ਲਿਆ ਹਿੱਸਾ : ਲੀ
ਇਸ ਦਾ ਮੁੱਖ ਕਾਰਨ ਉਨ੍ਹਾਂ ਦਾ ਗਾਂਜੇ ਦਾ ਆਦੀ ਹੋਣਾ ਹੈ। ਦੋ ਸਾਲ ਪਹਿਲਾਂ ਵੀ ਇਸੇ ਸਮੱਸਿਆ ਕਾਰਨ ਉਹ ਕਈ ਹਫ਼ਤਿਆਂ ਤੱਕ ਆਰਾਮ ’ਤੇ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਸੋਟੀ ਦੇ ਸਹਾਰੇ ਤੁਰਦੇ ਵੀ ਦੇਖਿਆ ਗਿਆ ਸੀ। ਇਕ ਰਿਪੋਰਟ ਮੁਤਾਬਕ ਮਾਈਕ ਟਾਈਸਨ ਹਰ ਮਹੀਨੇ ਗਾਂਜੇ ’ਤੇ ਲੱਗਭਗ 32 ਲੱਖ ਰੁਪਏ ਖਰਚ ਕਰਦਾ ਹੈ ਅਤੇ ਟਾਈਸਨ ਆਪਣੇ 420 ਏਕੜ ਦੇ ਖੇਤ ’ਚ ਗਾਂਜਾ ਉਗਾਉਂਦਾ ਹੈ। ਇਸ ਦੀ ਉਨ੍ਹਾਂ ਨੂੰ ਕਾਨੂੰਨੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ‘ਦਿ ਬੈਡੈਸਟ ਮੈਨ ਆਨ ਦਿ ਪਲੈਨੇਟ’ ਦੇ ਨਾਂ ਨਾਲ ਮਸ਼ਹੂਰ ਟਾਈਸਨ ਨਸ਼ੇ ਦਾ ਆਦੀ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। ਉਨ੍ਹਾਂ ਕੋਲ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ’ਚ ਗਾਂਜੇ ਦਾ ਫਾਰਮ ਵੀ ਹੈ। ਹਾਲ ਹੀ ਦੇ ਇਕ ਪੌਡਕਾਸਟ ’ਚ ਮਾਈਕ ਟਾਈਸਨ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਮਿਆਦ ਪੁੱਗਣ ਦੀ ਤਾਰੀਖ ਹੁਣ ਨੇੜੇ ਹੈ। ਮਾਈਕ ਟਾਈਸਨ ਹੁਣ ਵ੍ਹੀਲਚੇਅਰ ’ਤੇ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਮੋਹਾਲੀ ਦੌਰੇ ਦੀ ਸੁਰੱਖਿਆ ਦੀ ਨਿਗਰਾਨੀ CM ਮਾਨ ਖ਼ੁਦ ਕਰ ਰਹੇ
ਇਸ ਘਟਨਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਨਿਰਾਸ਼ ਕੀਤਾ ਹੈ। ਪੌਡਕਾਸਟ ’ਤੇ ਬੋਲਦਿਆਂ ਉਨ੍ਹਾਂ ਕਿਹਾ ਸੀ, ‘‘ਅਸੀਂ ਸਾਰੇ ਇਕ ਦਿਨ ਮਰਨ ਵਾਲੇ ਹਾਂ। ਜਦੋਂ ਮੈਂ ਹੁਣ ਆਪਣੇ ਆਪ ਨੂੰ ਸ਼ੀਸ਼ੇ ’ਚ ਵੇਖਦਾ ਹਾਂ, ਮੈਂ ਆਪਣੇ ਚਿਹਰੇ ’ਤੇ ਉਹ ਛੋਟੇ ਧੱਬੇ ਵੇਖਦਾ ਹਾਂ। ਮੈਂ ਕਹਿੰਦਾ ਹਾਂ ਵਾਹ ਮਾਲਕਾ, ਇਸ ਦਾ ਮਤਲਬ ਹੈ ਕਿ ਮੇਰੀ ਮਿਆਦ ਪੁੱਗਣ ਦੀ ਤਾਰੀਖ਼ ਜਲਦ ਹੀ ਨੇੜੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਟਾਈਸਨ ਦਾ ਆਖਰੀ ਅਧਿਕਾਰਤ ਮੈਚ ਜੂਨ 2005 ’ਚ ਸੀ ਅਤੇ ਸਾਬਕਾ ਹੈਵੀਵੇਟ ਚੈਂਪੀਅਨ ਨੇ 1996 ਤੋਂ ਬਾਅਦ ਕੋਈ ਖਿਤਾਬ ਨਹੀਂ ਜਿੱਤਿਆ ਹੈ। ਮਾਈਕ ਟਾਈਸਨ 7 ਬੱਚਿਆਂ ਦਾ ਪਿਤਾ ਹੈ, ਜਿਨ੍ਹਾਂ ’ਚ ਚਾਰ ਲੜਕੀਆਂ ਅਤੇ ਤਿੰਨ ਲੜਕੇ ਹਨ।
ਇਹ ਵੀ ਪੜ੍ਹੋ : 'ਕਾਂਗਰਸ, ਅਕਾਲੀ ਤੇ ਭਾਜਪਾ ਸਿਰਫ ਵੋਟ ਬੈਂਕ ਦੀ ਸਿਆਸਤ ਕਰਦੇ ਹਨ, ਅਸੀਂ ਡਾ. ਅੰਬੇਡਕਰ ਦਾ ਸੁਫ਼ਨਾ ਪੂਰਾ ਕਰਾਂਗੇ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ