ਲਾਪਤਾ ਹੋਇਆ ਆਸਟੇਰੀਲਆ ਦਾ ਸਾਬਕਾ ਅਦਾਕਾਰ ਟਰੌਏ, ਪੁਲਸ ਭਾਲ ''ਚ ਜੁਟੀ
Thursday, Jun 01, 2017 - 02:44 PM (IST)

ਮੈਲਬੌਰਨ— ਆਸਟਰੇਲੀਆ ਦਾ ਸਾਬਕਾ ਅਦਾਕਾਰ ਟਰੌਏ ਬੈਕਵਿਦ ਮੈਲਬੌਰਨ 'ਚ ਲਾਪਤਾ ਹੋ ਗਿਆ ਹੈ। ਉਸ ਦੇ ਲਾਪਤਾ ਹੋਣ ਕਾਰਨ ਉਸ ਦਾ ਪਰਿਵਾਰ ਪਰੇਸ਼ਾਨ ਹੈ। ਪੁਲਸ ਨੇ ਦੱਸਿਆ ਕਿ 41 ਸਾਲਾ ਟਰੌਏ ਨੂੰ ਕੱਲ ਆਖਰੀ ਵਾਰ ਆਸਟਰੇਲੀਆ ਦੇ ਕਰੈਨਬੌਰਨ 'ਚ ਦੇਖਿਆ ਗਿਆ। ਪਰਿਵਾਰ ਵਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਹੈ।
ਟਰੌਏ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਵੇਰੇ-ਸਵੇਰੇ ਹੀ ਘਰ 'ਚੋਂ ਚੱਲਾ ਗਿਆ ਸੀ। ਉਹ ਉਨ੍ਹਾਂ ਦੇ ਫੋਨ ਦਾ ਜਵਾਬ ਵੀ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਉਹ ਆਪਣੀ ਸਫੈਦ ਰੰਗ ਦੀ ਕਾਰ 'ਚ ਸਵਾਰ ਹੋ ਕੇ ਗਿਆ। ਟਰੌਏ ਦਾ ਪਰਿਵਾਰ ਚਿੰਤਾ ਵਿਚ ਹੈ, ਕਿਉਂਕਿ ਉਸ ਦੀ ਸਿਹਤ ਵੀ ਠੀਕ ਨਹੀਂ ਸੀ। ਇੱਥੇ ਦੱਸ ਦੇਈਏ ਕਿ 41 ਸਾਲਾ ਟਰੌਏ ਦੀ ਆਖਰੀ ਪੇਸ਼ਕਾਰੀ ਮਸ਼ਹੂਰ ਆਸਟਰੇਲੀਅਨ ਟੀ. ਵੀ. ਸ਼ੋਅ 'ਗੁਆਂਢੀਆਂ' ਸੀ, ਜਿਸ 'ਚ ਉਸ ਨੇ ਮਾਈਕਲ ਮਾਰਟਿਨ ਦੀ ਭੂਮਿਕਾ ਨਿਭਾਈ ਸੀ। ਇਹ ਸ਼ੋਅ 1990 'ਚ ਬਣਿਆ ਸੀ। ਪੁਲਸ ਨੇ ਟਰੌਏ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਉਸ ਦਾ ਰੰਗ ਗੋਰਾ, 180 ਸੈਂਟੀਮੀਟਰ ਲੰਬਾ, ਭੂਰੇ ਵਾਲ ਅਤੇ ਭੂਰੀਆਂ ਅੱਖਾਂ ਹਨ। ਉਸ ਨੂੰ ਆਖਰੀ ਵਾਰ ਜਦੋਂ ਦੇਖਿਆ ਗਿਆ ਸੀ ਤਾਂ ਉਸ ਨੇ ਨੀਲੇ ਰੰਗ ਦੀ ਜੀਨਸ, ਕਾਲੀ ਜੈਕਟ ਪਹਿਨੀ ਹੋਈ ਸੀ। ਪੁਲਸ ਨੇ ਉਸ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਮੰਗੀ ਹੈ।